ਪੱਤਰ ਪ੍ਰੇਰਕ
ਮਾਨਸਾ, 31 ਅਕਤੂਬਰ
ਕਣਕ ਦੀ ਬਿਜਾਈ ਲਈ ਡੀਏਪੀ ਖਾਦ ਨੂੰ ਤਰਸ ਰਹੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਹੁਣ ਖੇਤੀ ਮੇਲਿਆਂ ਦੌਰਾਨ ਬਿਜਾਈ ਦੇ ਢੰਗ-ਤਰੀਕਿਆਂ ਦਾ ਪਾਠ ਪੜ੍ਹਾਇਆ ਜਾਣ ਲੱਗਿਆ ਹੈ। ਕਿਸਾਨ ਖੇਤੀ ਮੇਲਿਆਂ ਦੌਰਾਨ ਰਾਜ ਦੀ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਸਮੇਤ ਖੇਤੀ ਮਾਹਿਰਾਂ ਤੋਂ ਡੀਏਪੀ ਖਾਦ ਦੀ ਮੰਗ ਕਰ ਰਹੇ ਹਨ, ਉਹ ਹੱਥ-ਪੱਲਾ ਝਾੜ ਕੇ ਅੰਨਦਾਤਾ ਨੂੰ ਸਮੇਂ ਸਿਰ ਬਿਜਾਈ ਕਰਕੇ ਚੰਗਾ ਝਾੜ ਲੈਣ ਦੇ ਫਾਰਮੂਲੇ ਸਮਝਾਉਣ ਲੱਗੇ ਹਨ। ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਖੇਤੀ ਮੇਲੇ ਆਰੰਭ ਹੋ ਗਏ ਹਨ, ਜਿਨ੍ਹਾਂ ਵਿੱਚ ਡੀਏਪੀ ਖਾਦ ਕਦੋਂ ਸਹਿਕਾਰੀ ਸੁਸਾਇਟੀਆਂ ਵਿੱਚ ਜਾਵੇਗੀ ਅਤੇ ਕਦੋਂ ਪ੍ਰਾਈਵੇਟ ਦੁਕਾਨਦਾਰਾਂ ਕੋਲ ਆਵੇਗੀ, ਸਬੰਧੀ ਕੁੱਝ ਵੀ ਨਹੀਂ ਦੱਸਿਆ ਜਾ ਰਿਹਾ।
ਮਾਨਸਾ ਜ਼ਿਲ੍ਹੇ ਦੇ ਇੱਕ ਵੱਡੇ ਕਸਬੇ ਰਾਏਪੁਰ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਲਾਏ ਗਏ ਕਿਸਾਨ ਮੇਲੇ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਹੋਰ ਬੁਲਾਰਿਆਂ ਨੇ ਡੀਏਪੀ ਖਾਦ ਮਿਲਣ ਦਾ ਜ਼ਿਕਰ ਨਾ ਕਰਦਿਆਂ ਕਿਸਾਨਾਂ ਨੂੰ ਸੁਧਰੀਆਂ ਹੋਈਆਂ ਕਿਸਮਾਂ ਬੀਜ ਕੇ ਚੰਗਾ ਝਾੜ ਲੈਣ ਦੇ ਵੱਡੇ-ਵੱਡੇ ਭਾਸ਼ਣਾਂ ਦੀ ਸਪਰੇਅ ਕੀਤੀ ਗਈ।
ਇਸ ਮੇਲੇ ਨੂੰ ਸੰਬੋਧਨ ਕਰਦਿਆਂ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਨਾਲ ਜੁੜਕੇ ਰਾਜ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਸਬਸਿਡੀ ’ਤੇ ਮੁਹੱਈਆ ਕਰਵਾਈ ਜਾ ਰਹੀ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੇਲੇ ਵਿੱਚ 18 ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਭਾਵੇਂ ਇਨ੍ਹਾਂ ਕਿਸਾਨ ਮੇਲਿਆਂ ਦੌਰਾਨ ਕਿਸਾਨਾਂ ਵੱਲੋਂ ਵਿਧਾਇਕਾਂ ਸਮੇਤ ਖੇਤੀ ਮਾਹਿਰਾਂ ਤੋਂ ਡੀਏਪੀ ਖਾਦ ਸਬੰਧੀ ਅਨੇਕਾਂ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਹਨ, ਪਰ ਕਿਸਾਨਾਂ ਨੂੰ ਤਸੱਲੀਬਖ਼ਸ ਜਵਾਬ ਦੇਣ ਦੀ ਥਾਂ ਡੀਏਪੀ ਛੇਤੀ ਆਉਣ ਦਾ ਪਾਠ ਪੜ੍ਹਾਇਆ ਜਾਣ ਲੱਗਿਆ ਹੈ, ਜਿਨ੍ਹਾਂ ਨਾਲ ਕਿਸਾਨਾਂ ਦਾ ਘਰ ਪੂਰਾ ਨਹੀਂ ਹੁੰਦਾ, ਸਗੋਂ ਉਹ ਕਿਸਾਨ ਮੇਲਿਆਂ ’ਚੋਂ ਭਰੇ ਮਨਾਂ ਨਾਲ ਘਰਾਂ ਨੂੰ ਮੁੜਨ ਲੱਗੇ ਹਨ।