ਰਮਨਦੀਪ ਸਿੰਘ
ਚਾਉਕੇ, 23 ਸਤੰਬਰ
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹਾਲ ਹੀ ਵਿਚ ਨਵੇਂ ਖੇਤੀ ਕਾਨੂੰਨ ਬਣਾਉਣ ’ਤੇ ਮਾਲਵੇ ਵਿਚ ਚਿੰਗਾਰੀਆਂ ਤੋਂ ਭਾਂਬੜ ਦਾ ਰੂਪ ਧਾਰਨ ਕਰ ਹਰੇ ਸੰਘਰਸ਼ ਵਿਚ ਬੱਚਿਆਂ ਨੇ ਸਕੂਲਾਂ ਤੋਂ ਮੁੱਖ ਮੋੜ ਕੇ ਧਰਨਿਆਂ ਵੱਲ ਰੁਖ਼ ਕਰ ਲਿਆ ਹੈ।
ਬੀਕੇਯੂ ਉਗਰਾਹਾਂ ਵੱਲੋਂ ਪਿੰਡ ਬਾਦਲ ਵਿਚ ਲਗਾਤਾਰ ਚੱਲੇ ਦਿਨ-ਰਾਤ ਦੇ ਧਰਨੇ ਵਿਚ ਪਿੰਡ ਜੇਠੂਕੇ ਦੀ 8 ਸਾਲਾ ਬੱਚੀ ਖ਼ੁਸ਼ਪ੍ਰੀਤ ਕੌਰ ਨੇ ਪੰਜੇ ਦਿਨ ਹਾਜ਼ਰੀ ਲਵਾਈ ਅਤੇ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ। ਪਿੰਡ ਜਿਉਂਦ ਤੋਂ ਮਜ਼ਦੂਰਾਂ ਨਾਲ ਸਬੰਧਤ ਏਕਮ ਸਿੰਘ (9) ਆਪਣੇ ਦਾਦੇ ਭਾਨਾ ਸਿੰਘ ਨਾਲ ਬਾਦਲ ਮੋਰਚੇ ਵਿਚ ਪੰਜੇ ਦਿਨ ਲੰਗਰ ਦੀ ਸੇਵਾ ਕਰਦਾ ਰਿਹਾ। ਏਕਮ ਸਿੰਘ ਪੁੱਤਰ ਰਮਨਦੀਪ ਸਿੰਘ ਪਿੰਡ ਪਿੱਥੋ, ਜਸਦੀਪ ਸਿੰਘ ਪੁੱਤਰ ਆਤਮਾ ਸਿੰਘ ਅਤੇ ਜੋਤੀ ਕੌਰ ਪੁੱਤਰੀ ਕਾਕਾ ਸਿੰਘ ਤੋਂ ਇਲਾਵਾ ਦਰਜਨਾਂ ਬੱਚਿਆਂ ਨੇ ਧਰਨੇ ਵਿਚ ਸ਼ਮੂਲੀਅਤ ਕੀਤੀ। ਬੀਕੇਯੂ ਸਿੱਧੂਪੁਰ ਦੇ ਖੇਤੀ ਮਸਲਿਆਂ ਸਬੰਧੀ ਬਠਿੰਡਾ ਵਿਚ ਪਿਛਲੀ 2 ਸਤੰਬਰ ਤੋਂ ਚੱਲ ਰਹੇ ਧਰਨੇ ਵਿਚ ਪਿੰਡ ਮੰਡੀ ਕਲਾਂ ਤੋਂ ਪਵਨਦੀਪ ਸਿੰਘ ਅਤੇ ਕੋਮਲ ਸਿੰਘ (ਪੰਜ ਸਾਲ) ਦੇ ਨਾਲ ਦਰਜਨਾਂ ਬੱਚੇ ਰੋਜ਼ਾਨਾ ਸੰਘਰਸ਼ ਦੀ ਗੁੜ੍ਹਤੀ ਲੈਣ ਆਉਂਦੇ ਹਨ। ਕਰਜ਼ਾ ਮੁਕਤੀ ਲਈ ਔਰਤਾਂ ਦੇ ਸੰਘਰਸ਼ ਵਿਚ ਸੁਖਕਰਨ ਸਿੰਘ ਆਪਣੀ ਮਾਤਾ ਸ਼ਗਨਦੀਪ ਕੌਰ, ਨਿਸ਼ਾਨ ਸਿੰਘ ਮਾਤਾ ਸਰਬਜੀਤ ਕੌਰ ਅਤੇ ਪਿੰਡ ਰਾਮਪੁਰਾ ਦੇ ਅਮਨਦੀਪ, ਮਨਦੀਪ ਮਾਤਾ ਜਸਵਿੰਦਰ ਕੌਰ ਨਾਲ ਹਾਜ਼ਰੀ ਭਰ ਰਹੇ ਹਨ।
ਲੋਕ ਸੰਗਰਾਮ ਮੋਰਚਾ ਦੇ ਸੂਬਾ ਸਕੱਤਰ ਸੁਖਵਿੰਦਰ ਕੌਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਕੀਤੇ ਸੰਘਰਸ਼ ਮਗਰੋਂ ਹੁਣ ਜ਼ਮੀਨਾਂ ਨੂੰ ਜ਼ਿਮੀਂਦਾਰਾਂ ਦੀ ਮਾਲਕੀ ਵਿਚ ਹੀ ਰੱਖਣ ਲਈ ਚੱਲ ਰਹੇ ਸੰਘਰਸ਼ਾਂ ਵਿਚ ਬੱਚਿਆ ਨੂੰ ਫ਼ੇਲ੍ਹ ਹੋਈਆਂ ਸਰਕਾਰਾ ਕਾਰਨ ਸੰਘਰਸ਼ ਵਿੱਚ ਕੁੱਦਣਾ ਪੈ ਰਿਹਾ ਹੈ।