ਮਹਿੰਦਰ ਸਿੰਘ ਰੱਤੀਆਂ
ਮੋਗਾ 26 ਅਗਸਤ
ਕੇਂਦਰ ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਲੋੜਵੰਦਾਂ ਨੂੰ 2 ਰੁਪਏ ਕਿੱਲੋ ਸਸਤੀ ਕਣਕ ਦੇਣ ਲਈ ਰਾਜ ਸਰਕਾਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਲੋੜਵੰਦਾਂ ਨੂੰ ਇਹ ਲਾਭ ਲੈਣ ਲਈ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਕੋਲ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕੌਰ ਨੇ ਦੱਸਿਆ ਕਿ ਹੁਣ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਬੀਪੀਐਲ ਕਾਰਡ ਧਾਰਕਾਂ ਦੇ ਨਾਲ ਨਾਲ ਦਿਵਿਆਂਗ ਵਿਅਕਤੀਆਂ ਨੂੰ ਵੀ 2 ਰੁਪਏ ਕਿਲੋ ਸਸਤਾ ਅਨਾਜ ਮਿਲੇਗਾ। ਉਨ੍ਹਾਂ ਦੱਸਿਆ ਕਿ ਕੇਦਰ ਸਰਕਾਰ ਨੇ ਸਾਰੇ ਰਾਜਾਂ ਦੇ ਜ਼ਿਲ੍ਹਿਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ।
ਪੰਜਾਬ ਵਿੱਚ ਇਸ ਯੋਜਨਾ ਦੇ ਤਹਿਤ ਨੀਲੇ ਕਾਰਡ ਧਾਰਕਾਂ ਨੂੰ ਵੀ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਣਕ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾਲ ਅਤੇ ਚਾਵਲ ਵੀ ਸਸਤੇ ਮੁੱਲ ’ਤੇ ਦਿੰਦੀ ਹੈ। ਕੇਦਰ ਦੇ ਆਦੇਸ਼ਾਂ ’ਤੇ ਹੁਣ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਸਸਤਾ ਅਨਾਜ ਲੈਣ ਲਈ ਕਾਰਡ ਬਣਾਉਣਾ ਪਵੇਗਾ। ਦੂਜੇ ਪਾਸੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੌਲਰ ਸਰਤਾਜ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਕੋਈ ਸਰਕਾਰੀ ਹਦਾਇਤਾਂ ਪ੍ਰਾਪਤ ਨਹੀਂ ਹੋਈਆਂ। ਇਥੇ ਦੱਸਣਯੋਗ ਹੈ ਕਿ ਕਰੋਨਾਂ ਦੌਰਾਨ ਰਾਜ ਨੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਸਸਤੇ ਮੁੱਲ ’ਤੇ ਦਿੱਤੀ ਜਾਂਦੀ 2 ਰੁਪਏ ਕਿੱਲੋ ਵਾਲੀ ਸਰਕਾਰੀ ਕਣਕ ਦੇ ਨੀਲੇ ਕਾਰਡ ਧਾਰਕਾਂ ਦੇ ਸੰਕਟ ਦੀ ਘੜੀ ਵਿੱਚ ਕਾਰਡ ਰੱਦ ਕਰ ਦਿੱਤੇ ਸਨ। ਇਹ ਨੀਲੇ ਕਾਰਡ ਕੱਟਣ ਨਾਲ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਬਹਾਲੀ ਲਈ ਸੰਘਰਸ਼ ਕਰ ਰਹੇ ਹਨ। ਲੋਕਾਂ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਵੱਲੋਂ ਪਿੰਡਾਂ ਵਿਚ ਆ ਕੇ ਸਰਵੇਖਣ ਕੀਤੇ ਬਿਨਾਂ ਕਥਿਤ ਰਾਜਸੀ ਪੱਖਪਾਤ ਤਹਿਤ ਲੋੜਵੰਦ ਪਰਿਵਾਰਾਂ ਦੇ ਕਾਰਡ ਕੱਟ ਦਿੱਤੇ ਗਏ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਤੋ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਸਤੇ ਮੁੱਲ ਵਾਲੀ ਕਣਕ ਦੇ ਰੱਦ ਕੀਤੇ ਗਏ ਕਾਰਡ ਜਲਦ ਬਹਾਲ ਕਰਕੇ ਉਨ੍ਹਾਂ ਨੂੰ ਕਣਕ ਦਿੱਤੀ ਜਾਵੇ।