ਪੱਤਰ ਪੇਰਕ
ਮਾਨਸਾ, 19 ਅਕਤੂਬਰ
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਫ਼ਸਰ ਉਪਕਾਰ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿੱਚ ਮਾਨਸਾ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਪੱਧਰੀ ਸਵੀਪ ਕੋਰ ਕਮੇਟੀ ਦੀ ਇਕੱਤਰਤਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਵੋਟ ਬਣਵਾਉਣ ਤੋਂ ਵਾਂਝੇ ਨਾਗਰਿਕਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਵਿਸ਼ੇਸ਼ ਸੁਧਾਈ ਪ੍ਰੋਗਰਾਮ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟਾਂ ਬਣਵਾਉਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਵੋਟ ਬਣਵਾਉਣ, ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ, ਹੈਲਪਲਾਈਨ ਨੰਬਰ 1950, ਵੋਟਰ ਹੈਲਪਲਾਈਨ ਮੋਬਾਇਲ ਐਪਲੀਕੇਸ਼ਨ, ਦਿਵਿਆਂਗ ਵੋਟਰਾਂ ਨੂੰ ਪੀ.ਡਬਲਿਊ.ਡੀ ਐਪਲੀਕੇਸ਼ਨ ਦੀ ਵਰਤੋਂ, ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਦੇ ਫਾਰਮ ਭਰਨ ਤੇ ਜਮ੍ਹਾਂ ਕਰਵਾਉਣ ਸਮੇਤ ਵਿਸ਼ੇਸ਼ ਕੈਂਪਾਂ ਦੇ ਸਥਾਨ ਅਤੇ ਤਾਰੀਖਾਂ ਬਾਰੇ ਜਾਣੂ ਕਰਵਾਇਆ ਜਾਵੇ ਜਿਸ ਲਈ ਵਿਆਪਕ ਪੱਧਰ ’ਤੇ ਯੋਜਨਾਬੱਧ ਢੰਗ ਨਾਲ ਉਪਰਾਲੇ ਕੀਤੇ ਜਾਣ।