ਜਸਵੰਤ ਜੱਸ
ਫਰੀਦਕੋਟ, 20 ਜੂਨ
ਫਰੀਦਕੋਟ ਖ਼ਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ, ਮੈਂਬਰ ਪਰਮਪਾਲ ਕੌਰ ਅਤੇ ਵਿਸ਼ਵਕਾਂਤ ਗਰਗ ਨੇ ਆਪਣੇ ਇੱਕ ਹੁਕਮ ਵਿੱਚ ਐੱਚਡੀਐੱਫਸੀ ਬੀਮਾ ਕੰਪਨੀ ਨੂੰ ਆਦੇਸ਼ ਦਿੱਤੇ ਹਨ ਕਿ ਉਹ ਚਰਨਜੀਤ ਕੌਰ ਨੂੰ 9 ਲੱਖ 60 ਹਜ਼ਾਰ ਰੁਪਏ ਦਾ ਕਲੇਮ ਸਮੇਤ 6 ਫੀਸਦੀ ਵਿਆਜ 45 ਦਿਨਾਂ ਦੇ ਅੰਦਰ-ਅੰਦਰ ਅਦਾ ਕਰੇ ਅਤੇ ਇਸ ਦੇ ਨਾਲ ਹੀ 25 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਵੀ ਜਮ੍ਹਾਂ ਕਰਵਾਇਆ ਜਾਵੇ। ਸੂਚਨਾ ਅਨੁਸਾਰ ਚਰਨਜੀਤ ਕੌਰ ਦੇ ਪਤੀ ਕੁਲਵਿੰਦਰ ਸਿੰਘ ਨੇ ਜੁਲਾਈ 2020 ਵਿੱਚ ਐਚ.ਡੀ.ਐਫ.ਸੀ ਤੋਂ ਪਾਲਿਸੀ ਖਰੀਦੀ ਸੀ ਜਿਸ ਤਹਿਤ ਬੀਮਾ ਕੰਪਨੀ ਨੇ ਮੌਤ ਹੋਣ ਦੀ ਸੂਰਤ ਵਿੱਚ ਉਸ ਦੇ ਵਾਰਸਾਂ ਨੂੰ 9 ਲੱਖ 60 ਹਜ਼ਾਰ ਦਾ ਕਲੇਮ ਅਦਾ ਕਰਨਾ ਸੀ ਪ੍ਰੰਤੂ ਕੁਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਬੀਮਾ ਕੰਪਨੀ ਨੇ ਉਸ ਦੀ ਵਿਧਵਾ ਨੂੰ ਕਲੇਮ ਨਹੀਂ ਦਿੱਤਾ ਜਿਸ ਕਰਕੇ ਉਸਨੇ ਖਪਤਕਾਰ ਕਮਿਸ਼ਨ ਵਿੱਚ ਅਰਜੀ ਦਾਖ਼ਲ ਕਰਵਾਈ ਸੀ। ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਸ਼ਿਕਾਇਤ ਕਰਤਾ ਦੇ ਦੋਸ਼ ਕਾਨੂੰਨ ਅਨੁਸਾਰ ਸਹੀ ਹਨ ਅਤੇ ਐਚ.ਡੀ.ਐਫ.ਸੀ ਬੀਮਾ ਕੰਪਨੀ ਨੇ ਗੈਰ ਕਾਨੂੰਨੀ ਤਰੀਕੇ ਨਾਲ ਉਸ ਦੀ ਕਲੇਮ ਰਕਮ ਰੋਕੀ ਹੈ। ਕਮਿਸ਼ਨ ਨੇ ਆਪਣੇ ਹੁਕਮ ਵਿੱਚ ਕਲੇਮ ਦੀ ਰਕਮ ਉੱਪਰ 6 ਪ੍ਰਤੀਸ਼ਤ ਵਿਆਜ ਅਤੇ 25 ਹਜ਼ਾਰ ਮੁਆਵਜ਼ਾ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦੀ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਖਪਤਕਾਰ ਕਮਿਸ਼ਨ ਵੱਲੋਂ ਇੱਕ ਦਰਜਨ ਕੇਸਾਂ ਵਿੱਚ ਅਜਿਹੇ ਹੁਕਮ ਕੀਤੇ ਜਾ ਚੁੱਕੇ ਹਨ।