ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੂਨ
ਮਾਨਸਾ ਪੁਲੀਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਮੁਕੰਮਲ ਖਾਤਮੇ ਸਬੰਧੀ ਅੱਜ ਉਨ੍ਹਾਂ ਵੱਲੋਂ ਹਰੀ ਝੰਡੀ ਦੇ ਕੇ ਮਾਨਸਾ ਤੋਂ ਨਸ਼ਿਆ ਵਿਰੋਧੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।
ਡਾ. ਭਾਰਗਵ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦਾ ਇਲਾਕਾ ਹਰਿਆਣਾ ਪ੍ਰਾਂਤ ਨਾਲ ਲੱਗਦਾ ਹੋਣ ਕਰਕੇ ਜਿਆਦਾਤਰ ਨਸ਼ਾ ਗੁਵਾਂਢੀ ਰਾਜਾਂ ਰਾਹੀ ਮਾਨਸਾ ਅੰਦਰ ਸਪਲਾਈ ਹੁੰਦਾ ਹੈ। ਮਾਨਸਾ ਪੁਲਿਸ ਵੱਲੋਂ ਹਰਿਆਣਾ ਪ੍ਰਾਂਤ ਨਾਲ ਲੱਗਦੀਆ ਮੇਨ ਸੜਕਾਂ, ਲਿੰਕ ਸੜਕਾਂ, ਕੱਚੇ ਰਸਤਿਆਂ ਆਦਿ ਪਰ ਦਿਨ/ਰਾਤ ਦੀਆ ਨਾਕਾਬੰਦੀਆ ਕਾਇਮ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸੇ ਵੀ ਨਸ਼ਾ ਤਸੱਕਰ ਨੂੰ ਜਿਲਾ ਅੰਦਰ ਆਉਣ ਤੋਂ ਰੋਕਿਆ ਗਿਆ ਹੈ। ਵੱਧ ਤੋਂ ਵੱਧ ਸੋਰਸ ਪੈਦਾ ਕਰਕੇ ਮੁਕੱਦਮੇ ਦਰਜ਼ ਕਰਕੇ ਬਰਾਮਦਗੀ ਕਰਵਾਈ ਜਾ ਰਹੀ ਹੈ। ਫੜੇ ਗਏ ਵਿਅਕਤੀਆਂ ਦੇ ਅਗਲੇ ਤੇ ਪਿਛਲੇ ਲਿੰਕਾਂ ਦਾ ਪਤਾ ਲਗਾ ਕੇ ਮੁਕੱਦਮਿਆਂ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
ਨਸ਼ਿਆਂ ਖ਼ਿਲਾਫ਼ ਵੱਖ ਵੱਖ ਥਾਈਂ ਜਾਗਰੂਕਤਾ ਸਮਾਗਮ
ਮਾਨਸਾ (ਨਿੱਜੀ ਪੱਤਰ ਪ੍ਰੇਰਕ): ਸਿਹਤ ਵਿਭਾਗ ਅਤੇ ਵੱਖ ਵੱਖ ਸਮਾਜ ਸੇਵੀ ਅਦਾਰਿਆਂ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਸੈਮੀਨਾਰ ਕਰਕੇ ਨਸ਼ਾ ਮੁਕਤ ਜੀਵਨ ਜਿਉਣ ਦੇ ਸੁਨੇਹੇ ਦਿੱਤੇ ਗਏ। ਮਾਨਸਾ ਦੇ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਵਿੱਚ ਜ਼ਿਲ੍ਹਾ ਪੱਧਰੀ ਸੈਮੀਨਾਰ ਕੀਤਾ ਗਿਆ। ਡਿਪਟੀ ਮੈਡੀਕਲ ਅਫ਼ਸਰ ਡਾ. ਰਣਜੀਤ ਰਾਏ ਨੇ ਕਰੋਨਾ ਮਹਾਂਮਾਰੀ ਦੌਰਾਨ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਨਹਿਰੂ ਯੁਵਾ ਕੇਂਦਰ ਵੱਲੋਂ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਪ੍ਰਚਾਰ ਸਮੱਗਰੀ ਵੰਡੀ ਗਈ। ਖਿਆਲਾ ਕਲਾਂ ਹਸਪਤਾਲ ਵਿੱਚ ਸਿਹਤ ਮਾਹਰਾਂ ਨੇ ਮਾਪਿਆਂ ਨੂੰ ਜਾਗਰੂਕ ਕੀਤਾ। ਯੁਵਕ ਸੇਵਾਵਾਂ ਵਿਭਾਗ ਮਾਨਸਾ ਵੱਲੋਂ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਅਗਵਾਈ ਹੇਠ ਅਕਲੀਆ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਸਹੁੰ ਚੁਕਵਾਈ ਗਈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ, ਮਾਨਸਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਸੁਰਜੀਤ ਸਿੰਘ ਸਿੱਧੂ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਗਰੂਪ ਭਾਰਤੀ ਦੀ ਰਹਿਨੁਮਾਈ ਹੇਠ ਬੱਡੀਜ਼ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਮੂਹ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦਾ ਆਨਲਾਈਨ ਪ੍ਰਣ ਲਿਆ।