ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਸਤੰਬਰ
ਇੱਥੇ ਐਂਟੀ ਨਾਰਕੋਟਿਕ ਡਰੱਗ ਸੈੱਲ ਨੇ ਅੰਤਰਰਾਜੀ ਭਗੌੜੇ ਤਸਕਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਪੰਜਾਬ, ਰਾਜਸਥਾਨ, ਜੇਐਂਡਕੇ ਤੇ ਹਰਿਆਣਾ ’ਚ ਫ਼ਿਰੌਤੀ, ਅਗਵਾ ਆਦਿ ਦੇ 32 ਕੇਸ ਦਰਜ ਸਨ ਜਿਨ੍ਹਾਂ ’ਚੋਂ ਬਹੁਤੇ ਕੇਸਾਂ ਦਾ ਨਬਿੇੜਾ ਹੋ ਚੁੱਕਾ ਹੈ।
ਡੀਐੱਸਪੀ ਐਂਟੀਨਾਰਕੋਟਿਕ ਡਰੱਗ ਸੈੱਲ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਜ਼ਿਲ੍ਹਾ ਡਰੱਗ ਸੈੱਲ ਇੰਚਾਰਜ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਭਗੌੜੇ ਨਸ਼ਾ ਤਸਕਰ ਆਸ਼ੂ ਗੁਪਤਾ ਵਾਸੀ ਕਰਤਾਰ ਨਗਰ ਸ਼ਾਹਕੋਟ ਹਾਲ ਆਬਾਦ ਗੋਲਡਨ ਸਿਟੀ ਕਲੋਨੀ ਮਹਿਮੂਦਪੁਰਾ ਲੁਧਿਆਣਾ ਨੂੰ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਧਰਮਕੋਟ (ਮੋਗਾ) ਭੋਗਪੁਰ (ਜਲੰਧਰ) ਅਤੇ ਸ੍ਰੀਨਗਰ (ਜੇਐਂਡਕੇ) ਵਿੱਚ ਐੱਨਡੀਪੀਐੱਸ ਐਕਟ ਦੇ ਦਰਜ ਮੁਕੱਦਮਿਆ ਵਿੱਚ ਕਾਫ਼ੀ ਅਰਸੇ ਤੋਂ ਭਗੌੜਾ ਸੀ।
ਸ੍ਰੀ ਢੇਸੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਰਾਜਸਥਾਨ ਸੂਬੇ ’ਚ ਬੀਐੱਸਐੱਫ ਏਅਰਪੋਰਟ ਦੇ ਠੇਕੇਦਾਰ ਨੂੰ ਅਗਵਾ ਕਰਕੇ 2.70 ਕਰੋੜ ਦੀ ਫਿਰੌਤੀ ਕੇਸ ’ਚ ਵੀ ਸ਼ਾਮਲ ਸੀ।
ਇਸ ਤੋਂ ਇਲਾਵਾ ਮੁਲਜ਼ਮ ਖ਼ਿਲਾਫ਼ ਹਰਿਆਣਾ ਸੂਬੇ’ਚ ਵਿੱਚ ਵੀ ਪੁਲੀਸ ਮੁਕਾਬਲੇ ਦਾ ਕੇਸ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸ਼ਰਾਬ ਤਸਕਰੀ ਕੇਸ ’ਚ ਭਗੌੜੀ ਔਰਤ ਅੰਜ਼ੂ ਉਰਫ਼ ਅਰਸ਼ਦੀਪ ਕੌਰ ਅਤੇ ਰਣਜੀਤ ਸਿੰਘ ਵਾਸੀ ਮੋਗਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।