ਟੋਨੀ ਛਾਬੜਾ
ਜਲਾਲਾਬਾਦ, 15 ਮਾਰਚ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੀਏਡੀਬੀ ਜਲਾਲਾਬਾਦ ਦੇ ਚੇਅਰਮੈਨ ਸ਼ੰਟੀ ਕਪੂਰ ਅਤੇ ਵਾਈਸ ਚੇਅਰਮੈਨ ਗੁਰਪ੍ਰੀਤ ਵਿਰਕ ਨੂੰ ਰਸਮੀ ਤੌਰ ’ਤੇ ਅਹੁਦੇ ਸੌਂਪੇ ਅਤੇ ਉਨ੍ਹਾਂ ਨੂੰ ਕੁਰਸੀਆਂ ’ਤੇ ਬਿਠਾਇਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਮਿੰਦਰ ਸਿੰਘ ਆਂਵਲਾ ਅਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੀ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੇ ਦੱਸਿਆ ਕਿ ਜਲਾਲਾਬਾਦ ਦੇ ਪੀਏਡੀਬੀ ਬੈਂਕ ਵਿੱਚ ਅਕਾਲੀ ਸਰਕਾਰ ਸਮੇਂ ਸਿਆਸੀ ਲੋਕਾਂ ਦੇ ਦਬਾਅ ਹੇਠ ਅਫ਼ਸਰਾਂ ਨੇ ਬਹੁਤ ਘਪਲੇ ਕੀਤੇ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ, ‘‘ਜਿੱਥੇ ਅਸੀਂ ਇਨ੍ਹਾਂ ਘਪਲਿਆਂ ਦੀ ਜਾਂਚ ਕਰ ਰਹੇ ਹਾਂ, ਉੱਥੇ ਨਾਲ ਹੀ ਜਿਨ੍ਹਾਂ ਕਿਸਾਨਾਂ ਦੇ ਗ਼ਲਤ ਲੋਨ ਹੋਏ ਹਨ, ਉਨ੍ਹਾਂ ਨੂੰ ਸਹੀ ਕਰਵਾ ਕੇ ਮੁੜ ਬੈਂਕ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਹਾਂ।’’ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ‘ਪੰਜਾਬ ਮੰਗਦਾ ਜਵਾਬ’ ਰੈਲੀਆਂ ਬਾਰੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਤਾਂ ਉਦੋਂ ਵੀ ਜਵਾਬ ਮੰਗਦਾ ਸੀ, ਜਦੋਂ ਅਕਾਲੀ ਸਰਕਾਰ ਸਮੇਂ ਚਿੱਟਾ ਨਸ਼ਾ ਗੁੰਡਾਗਰਦੀ ਸਭ ਕੁਛ ਉੱਡਦਾ ਪੰਜਾਬ ਦੇ ਨਾਂ ਹੇਠ ਚੱਲ ਰਿਹਾ ਸੀ। ਸੁਖਬੀਰ ਬਾਦਲ ਵੱਲੋਂ ਜਲਾਲਾਬਾਦ ਤੋਂ ਚੋਣ ਲੜਨ ਦੇ ਮਾਮਲੇ ਵਿੱਚ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਕਿਹਾ ਕਿ ਲੱਗਦਾ ਹੈ ਸਾਰੇ ਪੰਜਾਬ ਵਿੱਚ ਬਾਦਲਾਂ ਨੇ ਆਪ ਹੀ ਚੋਣਾਂ ਲੜਨੀਆਂ ਹਨ ਕਿਉਂਕਿ ਹੋਰ ਤਾਂ ਕੋਈ ਉਮੀਦਵਾਰ ਇਨ੍ਹਾਂ ਕੋਲ ਹੈ ਨਹੀਂ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਸਾਰੀ ਟੀਮ ਸਮੇਤ ਪੀਏਡੀਬੀ ਬੈਂਕ ਵਿੱਚ ਖੋਲ੍ਹੇ ਗਏ ਵੇਰਕਾ ਬ੍ਰਾਂਚ ਦਾ ਉਦਘਾਟਨ ਕੀਤਾ। ਪੀਡੀਪੀ ਚੇਅਰਮੈਨ ਸ਼ੰਟੀ ਕਪੂਰ ਅਤੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਵਿਰਕ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।