ਖੇਤਰੀ ਪ੍ਰਤੀਨਿਧ
ਬਰਨਾਲਾ, 28 ਅਗਸਤ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ ’ਤੇ ਲਾਏ ਗਏ ਧਰਨੇ ਦੌਰਾਨ ਅੱਜ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ ਤੇ ਗੁਰਨਾਮ ਸਿੰਘ ਠੀਕਰੀਵਾਲਾ ਬੁਲਾਰਿਆਂ ਨੇ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਦਾ ਖਾਸਾ ਦੇਸ਼-ਵਿਆਪੀ ਹੈ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਸਰਕਾਰ ਵੱਲੋਂ ਬੀਤੇ ਦਿਨੀਂ ਗੰਨੇ ਦੀ ਨਿਆਂਸੰਗਤ ਤੇ ਲਾਹੇਵੰਦ ਕੀਮਤ ਵਿੱਚ ਮਹਿਜ਼ ਪੰਜ ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਗਿਆ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਗੁਮਰਾਹ ਕਰਨਾ ਬੰਦ ਕਰੇ ਅਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ। ਉਧਰ ਰਿਲਾਇੰਸ ਮਾਲ ਬਰਨਾਲਾ ਅੱਗੇ ਲੱਗਿਆ ਧਰਨਾ ਅੱਜ 332 ਵੇਂ ਦਿਨ ਵੀ ਜਾਰੀ ਰਿਹਾ।
ਮਾਨਸਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਮਾਨਸਾ ਦੇ ਰੇਲਵੇ ਸਟੇਸ਼ਨ ਨੇੜੇ ਲਾਏ ਧਰਨਾ ਦੇ 332ਵੇਂ ਦਿਨ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪੰਜ ਸਤੰਬਰ ਨੂੰ ਖੇਤੀ ਕਾਨੂੰਨਾਂ ਵਿਰੁੱਧ ਯੂਪੀ ’ਚ ਰੱਖੀ ਗਈ ਰੈਲੀ ਵਿੱਚ ਮਾਲਵਾ ਖੇਤਰ ’ਚੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾਂ ਖਿਆਲਾ ਨੇ ਸੰਬੋਧਨ ਕੀਤਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਅੱਗੇ ਲਗਪਗ 11 ਮਹੀਨਿਆਂ ਤੋਂ ਚੱਲ ਰਿਹਾ ਮੋਰਚਾ ਅੱਜ ਵੀ ਜਾਰੀ ਰਿਹਾ। ਇਸ ਮੌਕੇ ਬਲਾਕ ਆਗੂ ਬਲਜੀਤ ਸਿੰਘ ਪੂਹਲਾ ਅਤੇ ਮਾਸਟਰ ਇਕਬਾਲ ਸਿੰਘ ਭੈਣੀ ਨੇ ਹਰਿਆਣਾ ਵਿੱਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ।
ਬਰੇਟਾ (ਪੱਤਰ ਪ੍ਰੇਰਕ): ਇਸੇ ਤਰ੍ਹਾਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਇੱਥੋਂ ਦੇ ਪਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅਤੇ ਰੇਲਵੇ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਵੱਲੋਂ ਲਾਏ ਗਏ ਧਰਨੇ ਲਗਾਤਾਰ ਜਾਰੀ ਹਨ। ਇਸ ਮੌਕੇ ਅਮਰੀਕ ਸਿੰਘ, ਸੁੱਖਾ ਸਿੰਘ, ਲੀਲਾ ਸਿੰਘ ਕਿਸ਼ਨਗੜ੍ਹ ਤੇ ਹੋਰਾਂ ਨੇ ਸੰਬੋਧਨ ਕੀਤਾ।
ਪੱਖੋ ਕੈਂਚੀਆਂ (ਪੱਤਰ ਪ੍ਰੇਰਕ): ਪਿੰਡ ਚੀਮਾ ਵਿੱਚ ਕੈਨੇਡੀਅਨ ਰਣਜੀਤ ਸਿੰਘ ਵੱਲੋਂ ਅੱਜ ਕਿਸਾਨੀ ਸੰਘਰਸ਼ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਪਿੰਡ ਚੀਮਾ ਇਕਾਈ ਨੂੰ 15 ਹਜ਼ਾਰ ਦੀ ਆਰਥਿਕ ਸਹਾਇਤਾ ਦਿੱਤੀ ਗਈ| ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਰਣਜੀਤ ਸਿੰਘ ਧੰਨਵਾਦ ਕੀਤਾ|
ਕਿਸਾਨਾਂ ’ਤੇ ਹੋਏ ਲਾਠੀਚਾਰਜ ਵਿਰੁੱਧ ਆਵਾਜਾਈ ਰੋਕੀ
ਸਿਰਸਾ (ਪੱਤਰ ਪ੍ਰੇਰਕ): ਕਰਨਾਲ ਵਿੱਚ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਅੱਜ ਇੱਥੇ ਟੌਲ ਪਲਾਜ਼ਿਆਂ ਤੋਂ ਇਲਾਵਾ ਕਈ ਥਾਵਾਂ ’ਤੇ ਰੋਡ ਜਾਮ ਕਰ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਕਿਸਾਨਾਂ ਵੱਲੋਂ ਅਚਨਚੇਤ ਕੀਤੇ ਗਏ ਰੋਡ ਜਾਮ ਕਰਨ ਕਈ ਥਾਵਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਨੇ ਮਰੀਜ਼ਾਂ ਤੇ ਹੋਰ ਜ਼ਰੂਰੀ ਕੰਮ ਧੰਦਿਆਂ ਵਾਲੇ ਲੋਕਾਂ ਨੂੰ ਜਾਮ ਤੋਂ ਮੁਕਤ ਰੱਖਿਆ। ਬਾਬਾ ਭੂਮਣ ਸ਼ਾਹ ਚੌਕ ’ਤੇ ਸਿਰਸਾ-ਬਰਨਾਲਾ ਰੋਡ ’ਤੇ ਜਾਮ ਲਾ ਕੇ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਤੇ ਕਿਸਾਨ ਆਗੂ ਸਵਰਨ ਸਿੰਘ ਨੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ।
ਧਰਨਿਆਂ ’ਚ ਗਿਣਤੀ ਵਧਾਉਣ ਲਈ ਪਿੰਡ ਇਕਾਈਆਂ ਨੂੰ ਜ਼ੋਰ ਲਾਉਣ ਦੀ ਅਪੀਲ
ਟੱਲੇਵਾਲ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਰੱਦ ਕਰਵਾਉ ਲਈ ਚੱਲ ਰਹੇ ਸੰਘਰਸ਼ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸ਼ਹਿਣਾ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਹੇਠ ਭੋਤਨਾ ਦੇ ਗੁਰਦੁਆਰੇ ਵਿੱਚ ਹੋਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚਿਆਂ ਵਿੱਚ ਕਿਸਾਨਾਂ ਅਤੇ ਔਰਤਾਂ ਦੀ ਗਿਣਤੀ ਵਧਾਉਣ ਲਈ ਜਥੇਬੰਦੀਆਂ ਦੀਆਂ ਪਿੰਡ ਇਕਾਈਆਂ ਨੂੰ ਜ਼ੋਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਗੁਰਨਾਮ ਸਿੰਘ ਭੋਤਨਾ, ਮਨਜੀਤ ਸਿੰਘ ਬਖ਼ਤਗੜ੍ਹ ਅਤੇ ਗੁਰਮੇਲ ਸਿੰਘ ਚੂੰਘਾਂ ਨੂੰ ਬਲਾਕ ਕਮੇਟੀ ਵਿੱਚ ਸਰਬਸੰਮਤੀ ਨਾਲ ਸ਼ਾਮਲ ਕੀਤਾ ਗਿਆ।