ਪਵਨ ਗੋਇਲ
ਭੁੱਚੋ ਮੰਡੀ, 10 ਅਕਤੂਬਰ
ਪਿੰਡ ਲਹਿਰਾ ਖਾਨਾ ਦੇ ਖੇਤਾਂ ਵਿੱਚ 30 ਸਾਲ ਪੁਰਾਣੇ ਬਣੇ ਪੱਕੇ ਖਾਲ ਖਸਤਾ ਹਾਲ ਹੋਣ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਕਿਸਾਨ ਤਸਵੀਰ ਸਿੰਘ (ਸੇਵਾ ਮੁਕਤ ਲੈਕਚਰਾਰ), ਗੁਰਨਾਮ ਸਿੰਘ, ਗੁਰਤੇਜ ਸਿੰਘ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਬੁਰਜ ਕਾਹਨ ਸਿੰਘ ਵਾਲਾ ਮਾਈਨਰ ਦੇੇ ਮੋਘਾ ਨੰਬਰ 14200 ਐਲ ’ਤੇ ਬਣੇ ਖਾਲ 1994 ਵਿੱਚ ਪੱਕੇ ਕੀਤੇ ਗਏ ਸਨ। ਇਨ੍ਹਾਂ ਦੀ ਕੁੱਲ ਲੰਬਾਈ ਲਗਪਗ ਚਾਰ ਕਿਲੋਮੀਟਰ ਹੈ ਅਤੇ ਇਹ ਖਾਲ 150 ਦੇ ਕਰੀਬ ਕਿਸਾਨਾਂ ਦੀ ਲਗਪਗ 400 ਏਕੜ ਜ਼ਮੀਨ ਨੂੰ ਸਿੰਜਦੇ ਸਨ ਪਰ ਪਿਛਲੇ ਕਰੀਬ ਚਾਰ ਸਾਲਾਂ ਤੋਂ ਇਨ੍ਹਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਜ਼ਮੀਨਾਂ ਤੱਕ ਪਾਣੀ ਨਹੀਂਂ ਪਹੁੰਚ ਰਿਹਾ। ਕਿਸਾਨ ਆਪ ਮੁਰੰਮਤ ਕਰਵਾ ਕੇ ਕੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੀ ਆਪ ਸਰਕਾਰ ਕਹਿ ਰਹੀ ਹੈ ਕਿ ਹਰ ਖੇਤ ਨੂੰ ਪੂਰਾ ਪਾਣੀ ਪਹੁੰਚਾਇਆ ਜਾਵੇਗਾ, ਪਰ ਦੂਜੇ ਪਾਸੇ ਇਨ੍ਹਾਂ ਖਸਤਾ ਹਾਲ ਖਾਲਿਆਂ ਦੀ ਕਿਸੇ ਵੀ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਖਾਲਿਆਂ ਨੂੰ ਜਲਦੀ ਬਣਾਇਆ ਜਾਵੇ।
ਕਿਸਾਨ ਬਠਿੰਡਾ ਦਫ਼ਤਰ ’ਚ ਸ਼ਿਕਾਇਤ ਦੇਣ: ਅਧਿਕਾਰੀ
ਇਸ ਸਬੰਧੀ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਐਸਡੀਓ ਬਲਦੇਵ ਸਿੰਘ ਕੁੰਡਲ ਨੇ ਕਿਹਾ ਕਿ ਕਿਸਾਨ ਇਨ੍ਹਾਂ ਖਾਲਿਆਂ ਦਾ ਮੋਘਾ ਨੰਬਰ ਪਾ ਕੇ ਸ਼ਿਕਾਇਤ ਬਠਿੰਡਾ ਦੇ ਦਫ਼ਤਰ ਵਿੱਚ ਦੇ ਜਾਣ। ਉਨ੍ਹਾਂ ਕਿਹਾ ਕਿ ਇਸ ਦਾ ਪੂਰਾ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਫੰਡ ਰਿਲੀਜ਼ ਹੋਣ ’ਤੇ ਖਾਲਿਆਂ ਦੀ ਮੁਰੰਮਤ ਕਰ ਦਿੱਤੀ ਜਾਵੇਗੀ।