ਗੁਰਜੰਟ ਕਲਸੀ
ਸਮਾਲਸਰ, 12 ਮਾਰਚ
ਇਥੇ ਇਕੱਤਰ ਸਿੰਘ ਸੋਢੀ ਐਨਆਰਆਈ ਦੇ ਘਰ ਪਰਵਾਸੀ ਸਾਹਿਤਕਾਰ ਸਮਾਲਸਰ ਦੀ ਧੀ ਜੱਗੀ ਬਰਾੜ ਦਾ ਕਹਾਣੀ ਸੰਗ੍ਰਿਹ ਕੈਨੇਡੀਅਨ ਪਾਸਪੋਰਟ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਬਲਦੇਵ ਸੜਕਨਾਮਾ, ਗੁਰਮੀਤ ਕੜਿਆਲਵੀ, ਜਰਨੈਲ ਸੇਖਾ, ਸ਼ੁਭਾਸ਼ ਪਰਿਹਾਰ, ਗੁਰਬਚਨ ਚਿੰਤਕ, ਜਸਵਿੰਦਰ ਸਿੰਘ ਸਿੱਧੂ ਤੇ ਡਾ. ਸੁਰਜੀਤ ਬਰਾੜ ਸ਼ਾਮਲ ਹੋਏ। ਪਰਮਿੰਦਰ ਸਿੰਘ ਤੱਗੜ ਨੇ ਜੱਗੀ ਬਰਾੜ ਦੇ ਸਾਹਤਿਕ ਸਫਰ ਬਾਰੇ ਚਾਨਣਾ ਪਾਇਆ। ਡਾ. ਸੁਰਜੀਤ ਬਰਾੜ ਨੇ ਕਹਾਣੀ ਸੰਗ੍ਰਿਹ ਕੈਨੇਡੀਅਨ ਪਾਸਪੋਰਟ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜੱਗੀ ਬਰਾੜ ਨੇ ਬਹੁਤ ਸਰਲ ਭਾਸ਼ਾ ਵਿੱਚ ਪੰਜਾਬ ਵਿਚੋਂ ਕੈਨੇਡਾ ਪਰਵਾਸ ਹੋ ਰਹੇ ਲੋਕਾਂ ਦੀ ਗੱਲ ਕੀਤੀ ਹੈ। ਉਸ ਦੀਆਂ ਕਹਾਣੀਆਂ ਵਿਚ ਦਵੰਦ ਅਤੇ ਤਣਾਅ ਵੀ ਹੈ। ਕਿਤਾਬ ਵਿੱਚ ਕੈਨੇਡਾ ਦੇ ਮੂਲ ਨਿਵਾਸੀਆਂ ਦੇ ਇਤਿਹਾਸ ਬਾਰੇ ਵੀ ਜ਼ਿਕਰ ਮਿਲਦਾ ਹੈ। ਕੈਨੇਡਾ ਪਰਵਾਸ ਲਈ ਵਿਦਿਆਰਥੀਆਂ ਦੀ ਟਰੈਵਲ ਏਜੰਟਾਂ ਹੱਥੋਂ ਹੋ ਰਹੀ ਲੁੱਟ, ਇਕੱਲਤਾ ਭੋਗ ਰਹੇ ਬਜ਼ੁਰਗ, ਐਨਆਰਆਈਜ਼ ਵੱਲੋਂ ਪੰਜਾਬ ਵਿੱਚ ਆਪਣੀਆਂ ਜ਼ਮੀਨਾਂ ਸਸਤੇ ਭਾਅ ਵੇਚਣ ਲਈ ਮਜਬੂਰ ਅਤੇ ਕੈਨੇਡੀਅਨ ਪਾਸਪੋਰਟ ਹਾਸਲ ਕਰਨ ਲਈ ਲੱਗੀ ਪੰਜਾਬੀਆਂ ਦੀ ਦੌੜ ਆਦਿ ਬਾਰੇ ਬਹੁਤ ਖੂਬ ਲਿਖਿਆ ਹੈ। ਬਲਦੇਵ ਸੜਕਨਾਮਾ ਨੇ ਕਿਹਾ ਕਿ ਜੱਗੀ ਬਰਾੜ ਕੈਨੇਡਾ ਰਹਿੰਦੇ ਵੀ ਆਪਣੀਆਂ ਜੜਾਂ ਨਾਲ ਜੁੜੀ ਹੋਈ ਹੈ। ਬੱਚਿਆਂ ਦਾ ਵਿਦੇਸ਼ ਜਾਣਾ ਸ਼ੌਕ ਨਹੀਂ ਮਜਬੂਰੀ ਹੈ। ਗੁਰਮੀਤ ਕੜਿਆਲਵੀ ਨੇ ਕਿਹਾ, ”ਅਸੀਂ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਪੂਰੀ ਤਰ੍ਹਾਂ ਸੁਹਰਿਦ ਨਹੀਂ ਹਾਂ। ਅਸੀਂ ਨਾਂਹ ਪੱਖੀ ਜ਼ਿਆਦਾ ਸੋਚਦੇ ਹਾਂ ਅਤੇ ਹਾਪੱਖੀਆਂ ਦਾ ਵਿਰੋਧ ਕਰਦੇ ਹਾਂ। ਸਾਡੀ ਮਾਨਸਿਕ ਸੋਚ ਵਿਚ ਵੱਡਾ ਨਿਘਾਰ ਆ ਚੁੱਕਾ ਹੈ।” ਗੁਰਬਚਨ ਸਿੰਘ ਚਿੰਤਕ ਨੇ ਕਿਹਾ ਕਿ ਸਮੇ ਨਾਲ ਸਭ ਕੁਝ ਬਦਲਦਾ ਰਹਿੰਦਾ ਹੈ। ਸਾਰਿਆਂ ਨੂੰ ਸਮੇਂ ਨਾਲ ਰਫਤਾਰ ਬਣਾ ਕੇ ਰੱਖਣੀ ਚਾਹੀਦੀ ਹੈ। ਚਰਨਜੀਤ ਸਿੰਘ ਗਿੱਲ ਨੇ ਸਟੇਜ ਸੰਚਾਲਨ ਕੀਤਾ।