ਸ਼ਗਨ ਕਟਾਰੀਆ
ਜੈਤੋ, 11 ਸਤੰਬਰ
ਭਾਦੋਂ ਦੇ ਮੀਂਹ ਦੀਆਂ ਬੁਛਾੜਾਂ ਸਦਕਾ ਅੱਜ ਸ਼ਹਿਰ ਦੇ ਨੀਵੇਂ ਖੇਤਰਾਂ ’ਚ ਪਾਣੀ ਦਾ ਪ੍ਰਕੋਪ ਰਿਹਾ। ਮੌਸਮ ਵਿਗਿਆਨੀਆਂ ਨੇ ਭਾਵੇਂ ਇਸ ਨੂੰ ਹਲਕੀ ਬਰਸਾਤ ਦੱਸਿਆ ਪਰ ਲੋਕਾਂ ਲਈ ਇਹ ਮੁਸੀਬਤ ਬਣ ਗਈ।
ਦਰਅਸਲ ਦਹਾਕਿਆਂ ਤੋਂ ਸ਼ਹਿਰ ’ਚੋਂ ਪਾਣੀ ਦੇ ਨਿਕਾਸ ਦੀ ਸਮੱਸਿਆ ਹੈ। ਵਕਤ ਦੀਆਂ ਸਰਕਾਰਾਂ ਨੇ ਨਿਕਾਸ ਨੂੰ ਸੁਚਾਰੂ ਬਣਾਉਣ ਦੇ ਦਾਅਵੇ ਕਰਦਿਆਂ ਲੱਖਾਂ ਰੁਪਏ ਵੀ ਖ਼ਰਚਿਆ ਪਰ ਦੁਸ਼ਵਾਰੀਆਂ ਜਿਓਂ ਦੀਆਂ ਤਿਓਂ ਬਰਕਰਾਰ ਹਨ। ਤੇਲੀ ਮੁਹੱਲਾ ਅਤੇ ਬਾਜਾ ਚੌਕ ‘ਬਿਨ ਬਾਦਲ ਬਰਸਾਤ’ ਵਾਲੇ ਖੇਤਰ ਕਰਕੇ ਜਾਣੇ ਜਾਂਦੇ ਹਨ। ਇੱਥੇ ਆਮ ਦਿਨਾਂ ’ਚ ਵੀ ਸੀਵਰੇਜ ਦਾ ਪਾਣੀ ਓਵਰ ਫ਼ਲੋਅ ਹੋ ਕੇ ਸੜਕਾਂ ’ਤੇ ਕਬਜ਼ਾ ਜਮਾਈ ਰੱਖਦਾ ਹੈ। ਲੋਕਾਂ ਅਕਸਰ ਦੋਸ਼ ਲਾਉਂਦੇ ਹਨ ਕਿ ਸੱਤਾਨਸ਼ੀਨ ਧਿਰਾਂ ਲਈ ਨਿਕਾਸੀ ਦੀ ਸਮੱਸਿਆ ਦਹਾਕਿਆਂ ਤੋਂ ‘ਕਮਾਈ ਦੀ ਖਾਣ’ ਬਣੀ ਹੋਈ ਹੈ। ਲੋਕ ਤਾਂ ਇਹ ਵੀ ਦੋਸ਼ ਲਾਉਂਦੇ ਹਨ ਕਿ ਸ਼ਹਿਰ ਦੀ ਪੂਰਬੀ ਦਿਸ਼ਾ ਵੱਲ ਗੰਦੇ ਪਾਣੀ ਦੇ ਨਿਕਾਸ ਦੀ ਰੂਪ ਰੇਖ਼ਾ ਹੀ ਗ਼ਲਤ ਸੀ ਕਿਉਂਕਿ ਪਾਣੀ ਦਾ ਵਹਿਣ ਕੁਦਰਤੀ ਤੌਰ ’ਤੇ ਪੱਛਮੀ ਬਾਹੀ ਵੱਲ ਹੀ ਕਾਮਯਾਬ ਹੁੰਦਾ ਹੈ।