ਜੋਗਿੰਦਰ ਸਿੰਘ ਮਾਨ
ਮਾਨਸਾ, 24 ਅਪਰੈਲ
ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਦੀ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਜਸਵੀਰ ਕੌਰ ਚੌਹਾਨ ਪ੍ਰਧਾਨ ਤੇ ਸੀਨੀਅਰ ਉਪ ਪ੍ਰਧਾਨ ਵਿਸ਼ਾਲ ਜੈਨ ਗੋਲਡੀ ਅਤੇ ਉਪ ਪ੍ਰਧਾਨ ਪਵਨ ਕੁਮਾਰ ਨੂੰ ਚੁਣਿਆ ਗਿਆ। ਇਹ ਸਾਰੇ ਅਹੁਦੇਦਾਰ ਪਹਿਲੀ ਵਾਰ ਕੌਂਸਲਰ ਚੁਣੇ ਦੱਸੇ ਗਏ ਹਨ। ਇਹ ਚੋਣ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੀ ਮੌਜੂਦਗੀ ਵਿਚ ਹੋਈ। ਇਸ ਵਿੱਚ ਕੌਸਲਰਾਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ 10 ਕੌਸਲਰਾਂ ਵੱਲੋਂ ਚੋਣ ਦਾ ਵਾਕਆਊਟ ਕੀਤਾ ਗਿਆ। ਇਨ੍ਹਾਂ ਵਿੱਚ ਕਾਂਗਰਸ ਪਾਰਟੀ ਦੇ 5 ਵਾਰ ਕੌਂਸਲਰ ਚੁਣੇ ਗਏ ਪ੍ਰੇਮ ਸਾਗਰ ਭੋਲਾ ਸਣੇ ਰਾਮਪਾਲ ਬੱਪੀਆਣਾ, ਨੇਮ ਚੰਦ, ਕ੍ਰਿਸ਼ਨਾ ਦੇਵੀ, ਨੀਨੂੰ, ਪ੍ਰਵੀਨ ਰਾਣੀ, ਅਮਨਦੀਪ ਢੁੰਡਾ, ਬਿੰਦਰ ਕੁਮਾਰ, ਪ੍ਰਵੀਨ ਟੋਨੀ ਤੇ ਸ਼ੈਲੀ ਰਾਣੀ ਸ਼ਾਮਲ ਸਨ। ਚੋਣ ਤੋਂ ਬਾਅਦ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਇਹ ਚੋਣ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਕਰਵਾਈ ਗਈ ਹੈ। ਨਵਨਿਯੁਕਤ ਪ੍ਰਧਾਨ ਜਸਵੀਰ ਕੌਰ ਚੌਹਾਨ ਨੇ ਸ਼ਹਿਰ ਦਾ ਵਿਕਾਸ ਨਵੀਆਂ ਲੀਹਾਂ ’ਤੇ ਤੋਰਿਆ ਜਾਵੇਗਾ। ਦੂਜੇ ਪਾਸੇ, ਵਾਕਆਊਟ ਕਰਨ ਵਾਲੇ ਕੌਂਸਲਰਾਂ ਪ੍ਰੇਮ ਸਾਗਰ ਭੋਲਾ ਤੇ ਪ੍ਰਵੀਨ ਗਰਗ ਟੋਨੀ ਨੇ ਦੁਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ।
ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਦੀ ਚੋਣ ਟਲੀ
ਜੈਤੋ (ਪੱਤਰ ਪ੍ਰੇਰਕ): ਨਗਰ ਕੌਂਸਲ ਜੈਤੋ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਨਿਯੁਕਤੀ ਦੇ ਪੇਚ ਦੋ ਮਹੀਨਿਆਂ ਤੋਂ ਫਸੇ ਹੋਏ ਹਨ। 26 ਅਪਰੈਲ ਨੂੰ ਹੋਣ ਵਾਲੀ ਚੋਣ ਅੱਜ ਫਿਰ ਅੱਗੇ ਪਾ ਦਿੱਤੀ ਗਈ। ਭਾਵੇਂ ਨਗਰ ਕੌਂਸਲ ਜੈਤੋ ਦੇ ਕਨਵੀਨਰ ਕਮ ਆਰਟੀਏ ਫਰੀਦਕੋਟ ਵੱਲੋਂ ਅਗਲੇ ਹੁਕਮਾਂ ਤੱਕ ਅੱਗੇ ਪਾਈ ਚੋਣ ਦੀ ਵਜ੍ਹਾ ਆਪਣੇ ਪੱਤਰ ਵਿਚ ਪ੍ਰਸ਼ਾਸਕੀ ਤੇ ਪ੍ਰਬੰਧਕੀ ਬਿਆਨੀ ਗਈ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਅਸਲ ਕਾਰਨ ਸੱਤਾਧਾਰੀ ਧਿਰ ਦੀ ਅੰਦਰੂਨੀ ਗੁੱਟਬੰਦੀ ਹੈ। ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਸਥਾਨਕ ਆਗੂਆਂ ਦੀ ਨਬਜ਼ ਟੋਹਣ ਲਈ 14 ਅਪਰੈਲ ਨੂੰ ਜੈਤੋ ਆਏ ਸਨ। ਉਨ੍ਹਾਂ ਆਪਸੀ ਰੱਸਾਕਸ਼ੀ ’ਚ ਜੁਟੇ ਕਾਂਗਰਸੀ ਆਗੂਆਂ ਅਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਕੌਂਸਲ ’ਚ ਕਾਂਗਰਸੀ ਕੌਂਸਲਰਾਂ ਦਾ ਬਹੁਮਤ ਹੈ। ਇਨ੍ਹਾਂ ’ਚੋਂ ਸੁਰਜੀਤ ਸਿੰਘ ਬਾਬਾ ਅਤੇ ਸੁਮਨ ਦੇਵੀ ਪ੍ਰਧਾਨਗੀ ਦੇ ਅਹੁਦੇ ਲਈ ਦੋ ਪ੍ਰਮੁੱਖ ਦਾਅਵੇਦਾਰ ਮੰਨੇ ਜਾਂਦੇ ਹਨ।