ਜੋਗਿੰਦਰ ਸਿੰਘ ਮਾਨ
ਮਾਨਸਾ, 29 ਮਈ
ਮਾਲਵਾ ਪੱਟੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਕਾਰਨ ਨਰਮਾ ਸੜਨਾ ਆਰੰਭ ਹੋ ਗਿਆ ਹੈ ਤੇ ਨਰਮੇ ਪੱਟੀ ਦਾ ਕਿਸਾਨ ਘਬਰਾਹਟ ਵਿੱਚ ਹਨ। ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਮੰਨਿਆ ਕਿ ਬੀ.ਟੀ ਕਾਟਨ ਦੀ ਛੋਟੀ ਫ਼ਸਲ ਨੇ ਗਰਮੀ ਨਾ ਝੱਲਣ ਕਰਕੇ ਦਮ ਤੋੜਨਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕਰੋਨਾਵਾਇਰਸ ਕਾਰਨ ਕਣਕਾਂ ਦੀ ਵਾਢੀ 10 ਅਪਰੈਲ ਮਗਰੋਂ ਹੋਣ ਕਰਕੇ ਅਤੇ ਨਹਿਰਾਂ ਵਿੱਚ ਲੰਬਾ ਸਮਾਂ ਪਾਣੀ ਦੀ ਬੰਦੀ ਕਾਰਨ ਨਰਮੇ ਦੀ ਬਿਜਾਈ ਆਮ ਦਿਨਾਂ ਨਾਲੋਂ ਲੇਟ ਹੋਈ ਸੀ ਜਿਸ ਕਾਰਨ ਬੀ.ਟੀ ਨਰਮਾ ਉਗਦਿਆਂ ਸਾਰ ਹੀ ਮੱਚਣ ਲੱਗਿਆ ਹੈ। ਤਪਦੇ ਮੌਸਮ ਕਾਰਨ ਹਰਾ ਚਾਰਾ ਅਤੇ ਸਬਜ਼ੀਆਂ ਦੇ ਬੂਟਿਆਂ ਦੀ ਵੀ ਹਾਲਤ ਮਾੜੀ ਹੈ। ਖੇਤੀ ਮਾਹਿਰਾਂ ਨੇ ਖਦਸ਼ਾ ਪ੍ਰਗਟਿਆ ਕਿ ਜੇਕਰ ਤਾਪਮਾਨ ਵਧਣਾ ਜਾਰੀ ਰਿਹਾ ਤਾਂ ਮਾਲਵਾ ਪੱਟੀ ਦੇ ਰੇਤਲੇ ਖੇਤਰ ’ਚੋਂ ਹਜ਼ਾਰਾਂ ਏਕੜ ਨਰਮੇ ਦੀ ਨਿੱਕੀ ਫ਼ਸਲ ਨੇ ਖੇਤਾਂ ਨੂੰ ਖਾਲੀ ਕਰ ਦੇਣਾ ਹੈ। ਦੱਖਣੀ ਪੰਜਾਬ ਦੇ ਕਿਸਾਨਾਂ ਨੂੰ ਅੱਜਕੱਲ੍ਹ ਜਿੱਥੇ ਫ਼ਸਲ ਸੜਨ ਦਾ ਝੋਰਾ ਹੈ, ਉਥੇ ਸਭ ਤੋਂ ਵੱਡੀ ਮਾਰ ਡੀਜ਼ਲ ਦੀ ਮਹਿੰਗਾਈ ਦੀ ਪੈ ਰਹੀ ਹੈ। ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਇਹ ਛੋਟੀਆਂ ਅਤੇ ਅਗੇਤੀਆਂ ਫ਼ਸਲਾਂ ਲਈ ਹਾਨੀਕਾਰਕ ਗਿਣਿਆ ਜਾਂਦਾ ਹੈ। ਮਾਲਵੇ ਦੇ ਕਿਸਾਨਾਂ ਦੀ ਟੇਕ ਹੁਣ ਇੰਦਰ ਦੇਵਤੇ ’ਤੇ ਹੈ।
ਫਸਲ ਨੂੰ ਹਲਕਾ ਪਾਣੀ ਲਾਉਣ ਦਾ ਸੁਝਾਅ
ਕਿਸਾਨਾਂ ਅਨੁਸਾਰ ਅਗੇਤੀਆਂ ਬੀਜੀਆਂ ਬੀ.ਟੀ ਕਾਟਨ ਦੀਆਂ ਕਿਸਮਾਂ ਨੂੰ ਪਾਣੀ ਦੀ ਜ਼ਰੂਰਤ ਹੈ ਜਦੋਂ ਕਿ ਪਿਛੇਤੇ ਬੀਜੇ ਨਰਮੇ ਨੂੰ ਧਰਤੀ ਵੱਧ ਗਰਮ ਹੋਣ ਕਰਕੇ ਤਾਪਮਾਨ ਦੀ ਭੇਟ ਚੜ੍ਹਨਾ ਪੈ ਰਿਹਾ ਹੈ। ਖੇਤੀ ਅਧਿਕਾਰੀਆਂ ਨੂੰ ਸੈਂਕੜੇ ਕਿਸਾਨਾਂ ਨੇ ਆਪਣੀ ਇਸ ਦੁੱਖ ਦੀ ਘੜੀ ਵਿਚਲੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਮਹਿੰਗੇ ਭਾਅ ਦਾ ਬੀ.ਟੀ ਕਾਟਨ ਬੀਜ ਲਿਆ ਸੀ, ਜੋ ਹੁਣ ਅੱਧ ਵਿਚਾਲੇ ਡੋਬਾ ਦੇਕੇ ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਰਿਹਾ ਹੈ। ਖੇਤੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਨਰਮੇ ਨੂੰ ਸੜਨ ਤੋਂ ਬਚਾਉਣ ਲਈ ਹਲਕਾ ਪਾਣੀ ਲਾਉਣ ਦੀ ਸਲਾਹ ਦਿੱਤੀ ਹੈ।