ਕੁਲਦੀਪ ਸੂਦ
ਹੰਢਿਆਇਆ, 15 ਅਕਤੂਬਰ
ਇੱਥੋਂ ਦੇ ਪਿੰਡ ਖੁੱਡੀ ਕਲਾਂ ਵਿੱਚ ਚੋਰਾਂ ਵੱਲੋਂ ਇੱਕ ਘਰ ’ਚੋਂ ਸੋਨਾ ਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਚੌਕੀ ਹੰਢਿਆਇਆ ਨੂੰ ਮਾਸਟਰ ਹਰਦੇਵ ਸਿੰਘ ਖੁੱਡੀ ਪੁੱਤਰ ਜੈਮਲ ਸਿੰਘ ਨੇ ਲਿਖਤੀ ਦਰਖ਼ਾਸਤ ਦਿੱਤੀ ਕਿ ਬੀਤੇ ਕੱਲ੍ਹ ਉਹ ਲਗਪਗ ਸ਼ਾਮ 6 ਵਜੇ ਘਰੋਂ ਆਪਣੇ ਲੜਕੇ ਦਾ ਜਨਮ ਦਿਨ ਮਨਾਉਣ ਲਈ ਬਰਨਾਲਾ ਗਏ ਸੀ। ਜਦੋਂ ਰਾਤ 8:30 ਵਜੇ ਮੁੜ ਕੇ ਤਾਂ ਘਰ ’ਚ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਕਿਹਾ ਕਿ ਚੋਰਾਂ ਨੇ 1 ਸੋਨੇ ਦਾ ਕੜਾ, 1 ਚੂੜੀ, 3 ਜੋੜੀਆਂ ਟੌਪਸ, ਬਾਲੀਆਂ, 2 ਛਾਪਾਂ, 1 ਲੇਡੀਜ਼ ਛਾਪ ਅਤੇ ਚਾਂਦੀ ਦੀਆਂ ਚੂੜੀਆਂ ਸਮੇਤ 10 ਹਜ਼ਾਰ ਦੀ ਨਗਦੀ ਚੋਰੀ ਕਰ ਲਈ ਹੈ। ਇਸ ਸਬੰਧੀ ਸੂਚਨਾ ਰਾਤ ਨੂੰ ਪੁਲੀਸ ਨੂੰ ਦਿੱਤੀ ਤੇ ਪੁਲੀਸ ਪਾਰਟੀ ਨੇ ਆ ਕੇ ਮੌਕਾ ਦੇਖਿਆ। ਉਨ੍ਹਾਂ ਕਿਹਾ ਕਿ ਸੋਨੇ ਦੀ ਕੀਮਤ 10 ਲੱਖ ਰੁਪਏ ਦੇ ਕਰੀਬ ਬਣਦੀ ਹੈ। ਇਸ ਸਬੰਧੀ ਪੁਲੀਸ ਚੌਕੀ ਹੰਢਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।