ਸੁਰਜੀਤ ਵਸ਼ਿਸ਼ਟ
ਝੁਨੀਰ, 13 ਜੂਨ
ਝੁਨੀਰ ਖੇਤਰ ਦੇ ਪਿੰਡ ਮੀਆਂ, ਭਲਾਈਕੇ, ਟਾਂਡੀਆਂ ਆਦਿ ਵਿੱਚ ਸਰ੍ਹੋਂ ਦੀ ਕਾਸ਼ਤ ਵਾਲੀ ਜ਼ਮੀਨ ਵਿੱਚ ਬੀਜੀ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਇਸ ਕਾਰਨ ਖੇਤਰ ਦੇ ਕਿਸਾਨ ਚਿੰਤਤ ਹਨ। ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ, ਲੀਲਾ ਸਿੰਘ ਭੰਮਾ, ਅਮਰੀਕ ਸਿੰਘ ਭਲਾਈਕੇ, ਗੁਰਚਰਨ ਸਿੰਘ ਉੱਲਕ, ਦਲੇਲ ਸਿੰਘ ਮੀਆਂ ਨੇ ਕਿਹਾ ਕਿ ਜੇਕਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਖੇਤੀਬਾੜੀ ਵਿਭਾਗ ਨੇ ਇਸ ਵਾਰ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਕਿਸਾਨਾਂ ਨੂੰ ਜਾਗ੍ਰਿਤ ਕਰਕੇ ਅਤੇ ਉੱਚ ਕੁਆਲਿਟੀ ਦੇ ਕੀਟਨਾਸ਼ਕ ਦੇ ਕੇ ਨਾ ਬਚਾਇਆ ਤਾਂ ਕਿਸਾਨਾਂ ਦੀ ਬਰਬਾਦੀ ਹੋਣੀ ਯਕੀਨੀ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਗੁਲਾਬੀ ਸੁੰਡੀ ਦੀ ਮਾਰ ਨੂੰ ਲੈ ਕੇ ਨਾ ਹੀ ਸਰਕਾਰ ਅਤੇ ਨਾ ਹੀ ਖੇਤੀਬਾੜੀ ਵਿਭਾਗ ਕਥਿਤ ਤੌਰ ’ਤੇ ਗੰਭੀਰ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਖੇਤੀਬਾੜੀ ਵਿਭਾਗ ਅਤੇ ਸਰਕਾਰ ਨੇ ਗੁਲਾਬੀ ਸੁੰਡੀ ਦੀ ਸਮੱਸਿਆ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਕਿਸਾਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ।
ਇਸੇ ਦੌਰਾਨ ਇਲਾਕਾ ਝੁਨੀਰ ਦੇ ਦਰਜਨਾਂ ਪਿੰਡਾਂ ਨੂੰ ਨਹਿਰੀ ਸਪਲਾਈ ਕਰਨ ਵਾਲੀ ਮੁੱਖ ਕੋਟੜਾ ਬਰਾਂਚ ਵਿੱਚ ਇੱਕ ਮਹੀਨੇ ਤੋਂ ਨਹਿਰੀ ਪਾਣੀ ਦੀ ਬੰਦੀ ਲੱਗਣ ਕਾਰਨ ਆਮ ਲੋਕਾਂ ਅਤੇ ਕਿਸਾਨਾਂ ਵਿੱਚ ਭਾਰੀ ਚਿੰਤਾ ਹੈ। ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ, ਲੀਲਾ ਸਿੰਘ ਭੰਮਾ, ਕੁਲਦੀਪ ਸਿੰਘ ਚਚੋਹਰ, ਦਲੇਲ ਸਿੰਘ ਮੀਆਂ, ਅਮਰੀਕ ਸਿੰਘ ਭਲਾਈਕੇ, ਗੁਰਚਰਨ ਸਿੰਘ ਉੱਲਕ ਨੇ ਦੱਸਿਆ ਕਿ ਇਸ ਸਮੇਂ ਪਾਣੀ ਦੀ ਭਾਰੀ ਤੋਟ ਕਾਰਨ ਹਰੇ-ਚਾਰੇ, ਸਬਜ਼ੀਆਂ ਦੀਆਂ ਫ਼ਸਲਾਂ ਜਿੱਥੇ ਕਾਫ਼ੀ ਮੁਰਝਾ ਗਈਆਂ ਹਨ ਉੱਥੇ ਜੀਰੀ ਦੀ ਪਨੀਰੀ ਵੀ ਖੁਸ਼ਕੀ ਕਾਰਨ ਮੁਰਝਾ ਰਹੀ ਹੈ। ਉੱਡਤ ਅਤੇ ਮੂਸਾ ਬਰਾਂਚ ਨਾਲ ਸਬੰਧਤ ਦਰਜਨਾਂ ਜਲ ਸਪਲਾਈ ਸਕੀਮਾਂ ਵਿੱਚ ਪਾਣੀ ਦਾ ਸਟਾਕ ਵਧੇਰੇ ਕਰਕੇ ਖਤਮ ਹੋ ਚੁੱਕਾ ਹੈ। ਕਿਸਾਨਾਂ ਨੇ ਇਕ ਮਹੀਨਾ ਲਗਾਤਾਰ ਉੱਡਤ ਅਤੇ ਮੂਸਾ ਲਿੰਕ ਨਹਿਰਾਂ ਰਾਹੀਂ ਕਿਸਾਨਾਂ ਨੂੰ ਨਹਿਰੀ ਪਾਣੀ ਸਪਲਾਈ ਕੀਤੇ ਜਾਣ ਦੀ ਮੰਗ ਕੀਤੀ ਹੈ।