ਜੀਵਨ ਸਿੰਘ ਕ੍ਰਾਂਤੀ
ਝੁਨੀਰ, 22 ਅਕਤੂਬਰ
ਦੇਰ ਰਾਤ ਸਿਰਸਾ ਤੋਂ ਐਂਬੂਲੈਂਸ ਰਾਹੀਂ ਡੀਐੱਮਸੀ ਲੁਧਿਆਣਾ ਲੈ ਕੇ ਜਾ ਰਹੇ ਮਰੀਜ਼ ਨੂੰ ਕਸਬਾ ਝੁਨੀਰ ਦੀ ਪੁਲੀਸ ਵੱਲੋਂ ਨਾਕੇ ’ਤੇ ਕਥਿਤ ਤੌਰ ’ਤੇ ਰੋਕਣ ਕਾਰਨ ਮਰੀਜ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਝੁਨੀਰ ਬੱਸ ਸਟੈਂਡ ’ਤੇ ਲਾਸ਼ ਰੱਖ ਕੇ ਸਿਰਸਾ- ਬਰਨਾਲਾ ਰੋਡ ਉੱਤੇ ਧਰਨਾ ਸ਼ੁਰੂ ਕਰ ਦਿੱਤਾ।
ਐਂਬੂਲੈਂਸ ਦੇ ਡਰਾਈਵਰ ਗਗਨ ਸਿੰਘ ਪਰਿਵਾਰਕ ਮੈਂਬਰ ਨਿਰਮਲ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਦਾ ਐਕਸੀਡੈਂਟ ਹੋਇਆ ਸੀ, ਜਿਸ ਨੂੰ ਸਿਰਸਾ ਦੇ ਹਸਪਤਾਲ ਵਿੱਚ ਦਾਖ਼ਲ ਕੀਤਾ। ਇਸ ਤੋਂ ਬਾਅਦ ਉਸ ਦੀ ਹਾਲਤ ਨੂੰ ਨਾਜ਼ੁਕ ਹੁੰਦੇ ਦੇਖ ਲੁਧਿਆਣਾ ਦੇ ਡੀਐੱਮਸੀ ਲਈ ਰੈਫਰ ਕਰ ਦਿੱਤਾ ਗਿਆ ਸੀ। ਉਹ ਜਿਵੇਂ ਹੀ ਝੁਨੀਰ ਪਹੁੰਚੇ ਤਾਂ ਨਾਕੇ ’ਤੇ ਮੌਜੂਦ ਚਾਰ ਪੁਲੀਸ ਕਰਮਚਾਰੀਆਂ ਵੱਲੋਂ ਐਂਬੂਲੈਂਸ ਨੂੰ ਰੋਕ ਕੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਖੱਜਲ ਖੁਆਰ ਕੀਤਾ। ਇਸ ਕਾਰਨ ਮਰੀਜ਼ ਦੀ ਮੌਤ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਥਾਣਾ ਝੁਨੀਰ ਦੇ ਐੱਸਐੱਚਓ ਕੇਵਲ ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਮੌਤ ਹੋਈ ਹੈ। ਪਰਿਵਾਰ ਪੁਲੀਸ ਮੁਲਾਜ਼ਮਾਂ ’ਤੇ ਦੋਸ਼ ਲਗਾ ਰਿਹਾ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।