ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 9 ਅਕਤੂਬਰ
ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵਿੱਚ ਖੋ-ਖੋ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਜੂਨੀਅਰ ਅੰਡਰ-18 ਸਟੇਜ ਖੋ-ਖੋ ਚੈਂਪੀਅਨਸ਼ਿਪ 2021-22 ਲੜਕੇ ਅਤੇ ਲੜਕੀਆਂ ਦਾ ਆਗਾਜ਼ ਕੀਤਾ ਗਿਆ। ਇਸ ਟੂਰਨਾਮੈਂਟ ਦੀ ਸ਼ੁਰੂਆਤ ਖੋ-ਖੋ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਉਪਕਾਰ ਸਿੰਘ ਵਿਰਕ ਨੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਖੋ-ਖੋ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਬਰਾੜ ਐਮ.ਡੀ. ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ, ਜ਼ਿਲ੍ਹਾ ਸਕੱਤਰ ਖੋ-ਖੋ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ, ਲੈਕਚਰਾਰ ਰਣਜੀਤ ਸਿੰਘ ਗੁਰੂਸਰ, ਜੋਗਿੰਦਰ ਸਿੰਘ ਰਿਟਾਇਰਡ ਡੀ.ਈ.ਓ., ਨਰੇਸ਼ ਕੁਮਾਰ, ਪ੍ਰਿੰਸੀਪਲ ਹਰਜੀਤ ਕੌਰ, ਵਾਈਸ ਪ੍ਰਿੰਸੀਪਲ ਪਰਮਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਟੂਰਨਾਮੈਂਟ ਵਿੱਚ ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮ ਵੀ ਤਕਸੀਮ ਕੀਤੇ। ਨਰਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਵਡਮੁੱਲਾ ਅੰਗ ਹਨ ਅਤੇ ਖੇਡਾਂ ਸਾਨੂੰ, ਅਨੁਸ਼ਾਸਨ, ਸਾਂਝ, ਸਹਿਨਸ਼ੀਲਤਾ, ਮਿਹਨਤ, ਸਮੇਂ ਦੀ ਕਦਰ ਕਰਨਾ, ਸਾਡੇ ਵਿੱਚ ਚੰਗੀਆਂ ਆਦਤਾਂ ਪਾਉਣ ਵਿੱਚ ਸਹਾਈ ਹੁੰਦੀਆਂ ਹਨ। ਅੱਜ ਦੇ ਮੁਕਾਬਲਿਆਂ ਵਿੱਚ ਲੜਕਿਆਂ ਦੀਆਂ ਟੀਮਾਂ ਵਿੱਚੋਂ ਮਾਨਸਾ ਨੇ ਬਰਨਾਲਾ ਨੂੰ, ਫਾਜ਼ਿਲਕਾ ਨੇ ਮੋਗਾ ਨੂੰ, ਸੰਗਰੂਰ ਨੇ ਬਠਿੰਡਾ ਨੂੰ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਜਲੰਧਰ ਨੇ ਅੰਮ੍ਰਿਤਸਰ ਨੂੰ, ਸ੍ਰੀ ਮੁਕਤਸਰ ਸਾਹਿਬ ਨੇ ਮੋਗਾ ਨੂੰ ਅਤੇ ਲੁਧਿਆਣਾ ਨੇ ਤਰਨ ਤਾਰਨ ਨੂੰ ਹਰਾਇਆ।