ਪੱਤਰ ਪ੍ਰੇਰਕ
ਲੰਬੀ, 19 ਮਈ
ਕਾਮਨਵੈਲਥ ਅਤੇ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ ‘ਚ ਜੇਤੂ ਜਲਵੇ ਬਾਅਦ ਆਈਐਸਐਸਐਫ਼ ਜੂਨੀਅਰ ਵਰਲਡ ਕੱਪ ਦਾ ਸੋਨ ਤਸਗਾ ਵੀ ਨਿਸ਼ਾਨੇਬਾਜ਼ੀ ਦੀ ਕੌਮਾਂਤਰੀ ਨਰਸਰੀ ਦਸਮੇਸ਼ ਸਪੋਰਟਸ ਅਕੈਡਮੀ ਬਾਦਲ ਦੀ ਝੋਲੀ ‘ਚ ਪੈ ਗਿਆ ਹੈ। ਖੇਲੋ ਇੰਡੀਆ ਤਹਿਤ ਅਕੈਡਮੀ ਦੀ ਨਿਸ਼ਾਨੇਬਾਜ਼ ਸਿਮਰਨਪ੍ਰੀਤ ਕੌਰ ਬਰਾੜ ਨੇ ਸਹਿਯੋਗੀ ਖਿਡਾਰੀ ਵਿਜੈਵੀਰ ਸਿੱਧੂ ਨਾਲ ਭਾਰਤ ਵੱਲੋਂ 25 ਮੀਟਰ ਪਿਸਟਲ ਮੁਕਾਬਲਿਆਂ ਦੇ ਮਿਕਸਡ ਟੀਮ ਈਵੈਂਟ ‘ਚ 17-9 ਦੇ ਅੰਤਰ ਨਾਲ ਵੱਡੀ ਜਿੱਤ ਹਾਸਲ ਕੀਤੀ। ਜਰਮਨੀ ਦੇ ਸੋਹਲ ‘ਚ ਹੋਏ ਮੁਕਾਬਲਿਆਂ ‘ਚ ਉਪ ਜੇਤੂ ਟੀਮ ਵੀ ਭਾਰਤ ਦੇ ਨਿਸ਼ਾਨੇਬਾਜ਼ਾਂ ਅਨਿਸ਼-ਤੇਜਸਵਿਨੀ ‘ਤੇ ਆਧਾਰਤ ਸੀ। ਸਿਮਰਨਪ੍ਰੀਤ ਇਸ ਮੁਤਾਬਲੇ ‘ਚ ਜਿੱਤਣ ਵਾਲੀ ਪੰਜਾਬ ਦੀ ਪਹਿਲੀ ਲੜਕੀ ਹੈ। ਇਸ ਤੋਂ ਪਹਿਲਾਂ 2006 ‘ਚ ਦਸਮੇਸ਼ ਸਪੋਰਟਸ ਅਕੈਡਮੀ-ਕਮ-ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ (ਮੌਜੂਦਾ ਜ਼ਿਲ੍ਹਾ ਪੁਲੀਸ ਮੁਖੀ ਫਰੀਦਕੋਟ) ਨੇ ਕਾਮਨਵੈਲਥ ਖੇਡਾਂ ‘ਚ 10 ਮੀਟਰ ਏਅਰ ਰਾਈਫ਼ਲ ‘ਚ ਸੋਨ ਤਮਗਾ ਜਿੱਤਿਆ ਸੀ। ਸਿਮਰਨਪ੍ਰੀਤ ਕੌਰ ਜੱਦੀ ਤੌਰ ‘ਤੇ ਪਿੰਡ ਚੱਕ ਮੋਤਲੇਵਾਲਾ ਨਾਲ ਸਬੰਧਤ ਹੈ। ਉਸਦੇ ਅਧਿਆਪਕ ਮਾਪੇ ਸ਼ਮਿੰਦਰ ਸਿੰਘ ਬਰਾੜ ਅਤੇ ਹਰਚਰਨ ਕੌਰ ਫਰੀਦਕੋਟ ‘ਚ ਰਹਿੰਦੇ ਹਨ। ਖੇਲੋ ਇੰਡੀਆ ਤਹਿਤ ਉਸਦੀ ਨਿਯੁਕਤੀ 2018 ’ਚ ਹੋਈ ਸੀ।