ਰਾਜਿੰਦਰ ਵਰਮਾ
ਭਦੌੜ, 24 ਅਗਸਤ
ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਵੱਲੋਂ ਇੱਥੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਸਟੇਟ ਕਬੱਡੀ ਚੈਂਪੀਅਨਸ਼ਿਪ ਬਠਿੰਡਾ ਜ਼ੋਨ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਦਾ ਉਦਘਾਟਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਗਿੱਲ ਨੇ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ, ਮੋਗਾ ਅਤੇ ਮਾਨਸਾ ਦੇ ਮੁੰਡੇ-ਕੁੜੀਆਂ ਦੀਆਂ (ਅੰਡਰ 20 ਸਾਲ) ਟੀਮਾਂ ਨੇ ਭਾਗ ਲਿਆ। ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਸਕੱਤਰ ਬਲਜੀਤ ਸਿੰਘ ਮਾਨ ਨੇ ਦੱਸਿਆ ਕਿ ਮੁੰਡਿਆਂ ਦੇ ਮੁਕਾਬਲਿਆਂ ਵਿੱਚ ਬਰਨਾਲਾ ਜ਼ੋਨ ਨੇ ਪਹਿਲਾ ਜਦਕਿ ਮੁਕਤਸਰ ਜ਼ੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਮੁਕਤਸਰ ਜ਼ੋਨ ਨੇ ਪਹਿਲਾ ਤੇ ਮਾਨਸਾ ਜ਼ੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਚੇਅਰਮੈਨ ਦਰਸ਼ਨ ਸਿੰਘ ਗਿੱਲ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸਕੱਤਰ ਪਰਮਜੀਤ ਸਿੰਘ ਡਾਲਾ, ਜਸਵੀਰ ਸਿੰਘ ਮਾਨ, ਗੁਰਨੈਬ ਸਿੰਘ ਗਿੱਲ, ਸਾਧੂ ਸਿੰਘ ਬਰਾੜ ਅਤੇ ਦਵਿੰਦਰ ਸਿੰਘ ਬੀਹਲਾ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਸਕਲਾਨੀ, ਹਰਪ੍ਰੀਤ ਸਿੰਘ ਗਿੱਲ ਹਾਜ਼ਰ ਸਨ। ਸਕੂਲ ਦੇ ਐੱਮਡੀ ਮੈਡਮ ਨਵਨੀਤ ਕੌਰ ਗਿੱਲ ਨੇ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਕਮੇਟੀ ਜ਼ਿਲ੍ਹੇ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ।
ਕਬੱਡੀ ਲੀਗ ’ਚ ਮੰਡੀ ਕਲਾਂ ਜੇਤੂ
ਪੱਖੋ ਕੈਂਚੀਆਂ (ਰੋਹਿਤ ਗੋਇਲ): ਪਿੰਡ ਗਹਿਲ ਦੇ ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਪਿੰਡ ਦੇ ਸਮਾਜ ਸੇਵੀ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਲੇ ਘੱਲੂਘਾਰਾ ਸਪੋਰਟਸ ਤੇ ਵੈੱਲਫੇਅਰ ਕਲੱਬ ਦੇ ਆਗੂਆਂ ਵਲੋਂ ਪਿੰਡ ਦੇ ਖੇਡ ਗਰਾਊਂਡ ਵਿਚ ਇੱਕ ਰੋਜ਼ਾ ‘ਵਜ਼ਨੀ ਕਬੱਡੀ’ ਲੀਗ ਕਰਵਾਈ ਗਈ। ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਕਲੱਬ ਵਲੋਂ 55 ਕਿੱਲੋਂ ਵਜ਼ਨ ਦੀਆਂ ਟੀਮਾਂ ਦੇ ਮੈਚ ਕਰਵਾਏ ਗਏ, ਜਿਸ ਵਿਚ ਤਿੰਨ ਦਰਜਨ ਤੋਂ ਵੱਧ ਟੀਮਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿਚ ਪਹਿਲਾ ਸਥਾਨ ਮੰਡੀ ਕਲਾਂ ਅਤੇ ਦੂਜਾ ਸਥਾਨ ਘੱਲੂਘਾਰਾ ਸਪੋਰਟਸ ਕਲੱਬ ਗਹਿਲ ਦੀ ਟੀਮ ਨੇ ਪ੍ਰਾਪਤ ਕੀਤਾ| ਇਨ੍ਹਾਂ ਮੁਕਾਬਲਿਆਂ ਦੇ ਬੈਸਟ ਰੇਡਰ ਚੈਨੀ ਦੇਧਨਾ ਅਤੇ ਬੈਸਟ ਜਾਫੀ ਨੀਸੂ ਮੰਡੀ ਕਲਾਂ ਨੂੰ ਕਲੱਬ ਵਲੋਂ ਚਾਂਦੀ ਦੀਆਂ ਮੁੰਦੀਆਂ ਨਾਲ ਸਨਮਾਨਿਤ ਕੀਤਾ ਗਿਆ| ਕਲੱਬ ਵੱਲੋਂ ਇਸ ਦੌਰਾਨ ਕਬੱਡੀ ਕੋਚ ਬਲਤੇਜ ਭੁੱਚੋ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ| ਇਸ ਮੌਕੇ ਕੁਲਦੀਪ ਸਿੰਘ ਸੰਧੂ, ਹਾਕਮ ਸਿੰਘ, ਬਿੰਦਰ ਸਿੰਘ ਮਾਨ, ਗੁਰਵਿੰਦਰ ਸਿੰਘ ਕਬੱਡੀ ਖਿਡਾਰੀ, ਖ਼ੁਸੀ ਸਿੱਧੂ, ਗੱਗੂ ਸਿੱਧੂ ਆਦਿ ਹਾਜ਼ਰ ਸਨ|