ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਮਾਰਚ
ਵਿਧਾਨ ਸਭਾ ਪੰਜਾਬ ਨਾਮਜ਼ਦ ਹੋਣ ਤੋਂ ਬਾਅਦ ਇਹ ਦੂਜੀ ਵਾਰ ਹੈ ਕਿ ਮੁਕਤਸਰ ਹਲਕੇ ਤੋਂ ਸੱਤਾ ਪੱਖੀ ਵਿਧਾਇਕ ਚੁਣਿਆ ਗਿਆ ਹੈ| ਪਹਿਲੀ ਵਾਰ ਕਾਂਗਰਸ ਦੇ ਹਰਚਰਨ ਸਿੰਘ ਬਰਾੜ ਚੁਣੇ ਗਏ ਸਨ ਜੋ ਕਿ ਬਾਅਦ ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੀ ਬਣੇ| ਮੁਕਤਸਰ ਹਲਕੇ ਦੀਆਂ ਕੁੱਲ 149390 ਵੋਟਾਂ ਹਨ ਜਿਸ ਵਿੱਚ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ 1821 ਹੈ| ਵੋਟਾਂ ਦੀ ਗਿਣਤੀ 16 ਗੇੜਾਂ ਵਿੱਚ ਹੋਈ ਹੈ| ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ 76321 ਵੋਟਾਂ ਹਾਸਲ ਕਰ ਕੇ ਜੇਤੂ ਰਹੇ ਹਨ ਜੋ ਕੁੱਲ ਪੋਲ ਵੋਟਾਂ ਦਾ 51.9 ਪ੍ਰਤੀਸ਼ਤ ਬਣਦਾ ਹੈ ਜਦੋਂਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਅਕਾਲੀ ਦਲ ਦੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ 42127 ਵੋਟਾਂ ਮਿਲੀਆਂ ਜੋ 28.2 ਪ੍ਰਤੀਸ਼ਤ ਹਿੱਸਾ ਬਣਦਾ ਹੈ| ਸਭ ਤੋਂ ਮਾੜੀ ਹਾਲਤ ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਦੀ ਰਹੀ, ਜਿਸਨੂੰ 14200 ਵੋਟਾਂ ਮਿਲੀਆਂ ਜੋ 9.57 ਹਿੱਸਾ ਬਣਦਾ ਹੈ| ਇਸੇ ਤਰ੍ਹਾਂ ਭਾਜਪਾ ਦੇ ਰਜੇਸ਼ ਪਠੇਲਾ 10634 ਵੋਟਾਂ ਦਾ 7.12 ਪ੍ਰਤੀਸ਼ਤ ਲੈ ਸਕੇ ਹਨ| ਪੋਸਟਲ ਬੈਲਟ ਪੇਪਰ ਵੋਟਾਂ ਵਿੱਚੋਂ ਵੀ ਕਾਕਾ ਬਰਾੜ ਨੂੰ 1148 ਵੋਟਾਂ ਮਿਲੀਆਂ ਜਦੋਂਕਿ ਰੋਜ਼ੀ ਬਰਕੰਦੀ ਨੂੰ 364, ਕਰਨ ਬਰਾੜ ਨੂੰ 120 ਅਤੇ ਰਜੇਸ਼ ਪਠੇਲਾ ਨੂੰ 135 ਵੋਟਾਂ ਮਿਲੀਆਂ|