ਇਕਬਾਲ ਸਿੰਘ ਸ਼ਾਂਤ
ਲੰਬੀ, 3 ਸਤੰਬਰ
ਪਿੰਡ ਘੁਮਿਆਰਾ ਵਿੱਚ ਕਿਸਾਨ ਜਗਨੰਦਨ ਸਿੰਘ ਦੀ ਜ਼ਮੀਨ ’ਤੇ ਅੱਜ ਦਖ਼ਲ ਲੈਣ ਵਾਲੀ ਧਿਰ ਵੀਨਸ ਸੇਠੀ ਦੇ ਨਾ ਪੁੱਜਣ ਕਾਰਨ ਕਬਜ਼ਾ ਕਾਰਵਾਈ ਨਾ ਹੋ ਸਕੀ। ਇਸ ਮੌਕੇ ਭਾਕਿਯੂ (ਏਕਤਾ-ਉਗਰਾਹਾਂ) ਦੇ ਕਰੀਬ ਦੋ ਸੌ ਕਿਸਾਨ ਕਾਰਕੁੰਨਾਂ ਨੇ ਕਬਜ਼ਾ ਕਾਰਵਾਈ ਰੋਕਣ ਲਈ ਖੇਤ ’ਚ ਟੈਂਟ ਲਗਾ ਕੇ ਧਰਨਾ ਲਗਾਇਆ ਹੋਇਆ ਸੀ। ਪੁਲੀਸ ਦੇ ਦਸ ਮੁਲਾਜਮ ਤੇ ਮਾਲ ਵਿਭਾਗ ਦੇ ਕਾਨੂੰਨਗੋ ਹਰਜਿੰਦਰ ਸਿੰਘ ਤੇ ਪਟਵਾਰੀ ਗੁਰਬਚਨ ਸਿੰਘ ਖਾਲੀ ਹੱਥ ਪਰਤ ਗਏ।
ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਸਾਲ 2002 ’ਚ ਡੱਬਵਾਲੀ ਦੇ ਆੜ੍ਹਤੀਏ ਭਿੰਦਾ ਸੇਠੀ ਨੇ ਮਾਮੂਲੀ ਲੈਣ-ਦੇਣ ਨੂੰ ਲੈ ਕੇ ਕਿਸਾਨ ਜਗਨੰਦਨ ਸਿੰਘ ਨੂੰ ਡੱਬਵਾਲੀ ਥਾਣੇ ਫੜਾ ਦਿੱਤਾ ਸੀ ਅਤੇ ਉਸ ਤੋਂ ਚਾਰ ਏਕੜ ਜ਼ਮੀਨ ਦਾ ਜ਼ਬਰੀ ਇਕਰਾਰਨਾਮਾ ਬਾਂਡੀ ਪਿੰਡ ਦੇ ਨੰਬਰਦਾਰ ਗੁਰਦੇਵ ਸਿੰਘ ਦੇ ਨਾਂਅ ਕਰਵਾ ਦਿੱਤਾ ਸੀ। ਬਾਅਦ ’ਚ ਨੰਬਰਦਾਰ ਨੇ ਆਪਣੀ ਪਰਿਵਾਰਕ ਜਾਇਦਾਦ ਵਾਰਸਾਂ ਨਾਂਅ ਕਰਵਾਈ ਪਰ ਮੌਤ ਤੋਂ ਪਹਿਲਾਂ ਜਗਨੰਦਨ ਸਿੰਘ ਵਾਲੀ ਚਾਰ ਏਕੜ ਜ਼ਮੀਨ ਦੀ ਵਸੀਅਤ ਭਿੰਦਾ ਸੇਠੀ ਅਤੇ ਰਾਜਕੁਮਾਰ ਦੇ ਭਤੀਜੇ ਵੀਨਸ ਸੇਠੀ ਦੇ ਨਾਂਅ ਕਰ ਦਿੱਤੀ ਸੀ।
ਅਦਾਲਤੀ ਨਿਰਦੇਸ਼ਾਂ ’ਤੇ ਜ਼ਮੀਨ ਦਾ ਕਬਜ਼ਾ ਲੈਣ ਦੇ ਹੱਕਦਾਰ ਵੀਨਸ ਸੇਠੀ ਨੇ ਕਿਹਾ ਕਿ ਉਹ ਡੱਬਵਾਲੀ ਅਗਨੀ ਕਾਂਡ ’ਚ ਝੁਲਸਣ ਕਰਕੇ ਕਰੀਬ 80-85 ਫ਼ੀਸਦੀ ਅਪਾਹਜ ਹੈ। ਅਗਨੀ ਕਾਂਡ ’ਚ ਉਸ ਦੇ ਪਿਤਾ ਸੁਰਿੰਦਰ ਸੇਠੀ, ਮਾਂ ਸਵਿਤਾ ਸੇਠੀ ਅਤੇ ਭੈਣ ਰੀਮਾ ਦੀ ਮੌਤ ਹੋ ਗਈ ਸੀ। ਕਿਸਾਨ ਗੁਰਦੇਵ ਸਿੰਘ ਨੰਬਰਦਾਰ ਨੇ ਉਸ ਦੇ ਮਰਹੂਮ ਸੁਰਿੰਦਰ ਸੇਠੀ ਨਾਲ ਗੂੜੀ ਲਿਹਾਜ ਕਾਰਨ ਕਰੀਬ ਚਾਰ ਏਕੜ ਜ਼ਮੀਨ ਦੀ ਰਜਿਸਟਰਡ ਵਸੀਅਤ ਉਸ ਦੇ ਨਾਂਅ (ਵੀਨਸ) ਕਰ ਦਿੱਤੀ ਸੀ। ਹੁਣ ਉਸ ਨੂੰ ਜ਼ਮੀਨ ਦਾ ਕਬਜ਼ਾ ਅਤੇ ਪੁਰਾਣਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਵੀਨਸ ਨੇ ਕਿਹਾ ਕਿ ਮਾਲ ਵਿਭਾਗ ਵੱਲੋਂ ਅੱਜ ਦੀ ਕਾਰਵਾਈ ਬਾਰੇ ਕੋਈ ਸੰਮਨ ਨਹੀਂ ਮਿਲਿਆ ਸੀ।
ਵੀਨਸ ਸੇਠੀ ਦੇ ਤਾਇਆ ਰਾਜ ਕੁਮਾਰ ਸੇਠੀ ਨੇ ਮਾਮਲੇ ਦੇ ਪਿਛੋਕੜ ਬਾਰੇ ਕਿਹਾ ਕਿ ਜਗਨੰਦਨ ਸਿੰਘ 4 ਏਕੜ 1 ਕਨਾਲ ਜ਼ਮੀਨ ਦੇ ਬਿਆਨੇ ’ਚ ਉਹ ਰਜਿਸਟਰੀ ਤੋਂ ਮੁੱਕਰ ਗਿਆ ਸੀ। ਗੁਰਦੇਵ ਸਿੰਘ ਨੰਬਰਦਾਰ ਨੇ ਅਦਾਲਤ ਰਾਹੀਂ ਕੇਸ ਖੁਦ ਸੁਪਰੀਮ ਕੋਰਟ ਤੱਕ ਲੜਿਆ ਸੀ। ਸਾਰੀਆਂ ਅਦਾਲਤਾਂ ’ਚ ਜਗਨੰਦਨ ਦੀ ਹਾਰ ਹੋਈ ਸੀ। ਰਾਜਕੁਮਾਰ ਨੇ ਕਿਹਾ ਕਿ ਇਸ ਜ਼ਮੀਨ ਦੇ ਮਾਮਲੇ ਨਾਲ ਉਹ ਖੁਦ, ਮੰਗਲ ਚੰਦ ਸੇਠੀ ਜਾਂ ਭਿੰਦਾ ਸੇਠੀ ਦਾ ਕੋਈ ਲੈਣ-ਦੇਣਾ ਨਹੀਂ ਹੈ। ਇਸੇ ਦੌਰਾਨ ਮਾਲ ਵਿਭਾਗ ਦੇ ਕਾਨੂੰਨਗੋ ਹਰਜਿੰਦਰ ਸਿੰਘ ਨੇ ਕਿਹਾ ਕਿ ਵੀਨਸ ਸੇਠੀ ਨੂੰ ਫੋਨ ’ਤੇ ਸੂਚਨਾ ਦਿੱਤੀ ਗਈ ਸੀ।