ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ
ਮੁਕਤਸਰ ਵਿੱਚ ਦਸਹਿਰੇ ਮੌਕੇ ਲੱਗਣ ਵਾਲੀ ਕੌਮੀ ਪੱਧਰ ਦੀ ਘੋੜਾ ਮੰਡੀ, ਕਰੋਨਾ ਕਾਰਨ ਇਸ ਵਾਰ ਫਿੱਕੀ ਰਹੀ। ਮੰਡੀ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੀ ਕਿਉਂਕਿ ਇਸ ਵਾਰ ਮੰਡੀਆਂ ਦੇ ਠੇਕੇ ਨਹੀਂ ਸਨ ਹੋਏ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਰੁਣ ਕੁਮਾਰ ਨੇ ਦੱਸਿਆ ਕਿ ਵਪਾਰੀਆਂ ਲਈ ਅਤੇ ਜਾਨਵਰਾਂ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਜਿਸ ਕਾਰਨ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਈ। ਉਨ੍ਹਾਂ ਦੱਸਿਆ ਕਿ ਇਹ ਮੰਡੀ 23 ਅਕਤੂਬਰ ਤੋਂ ਸ਼ੁਰੂ ਹੋਈ ਹੈ। ਇਸ ਵਿੱਚ ਰਾਜਸਥਾਨ, ਹਰਿਆਣਾ, ਯੂ.ਪੀ., ਦਿੱਲੀ ਤੇ ਮੁੰਬਈ ਦੇ ਵਪਾਰੀ ਆਏ। ਵਪਾਰੀਆਂ ਨੇ ਦੱਸਿਆ ਕਿ ਕਰੋਨਾ ਦੇ ਚੱਲਦਿਆਂ ਉਹ ਬਹੁਤ ਘੱਟ ਮਾਲ ਲੈ ਕੇ ਆਏ ਹਨ। ਘੋੜਾ ਪਾਲਕ ਗੁਰਮੇਲ ਸਿੰਘ ਪਟਵਾਰੀ ਨੇ ਦੱਸਿਆ ਕਿ ਘੋੜਿਆਂ ਦੀ ਵਿੱਕਰੀ ਠੀਕ ਰਹੀ। ਕਰੋਨਾ ਤੇ ਨਰਮੇ ਦੀ ਚੁਗਾਈ ਦਾ ਮੌਸਮ ਹੋਣ ਕਰਕੇ ਬਹੁਤੇ ਕਿਸਾਨ ਮੰਡੀ ਵਿੱਚ ਨਹੀਂ ਆਏੇ।