ਪੱਤਰ ਪ੍ਰੇਰਕ
ਮਹਿਲ ਕਲਾਂ, 24 ਮਈ
ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਟੌਲ ਪਲਾਜ਼ਾ ਅੱਗੇ ਪੱਕਾ ਧਰਨਾ ਜਾਰੀ ਹੈ ।ਅੱਜ ਪੱਕੇ ਧਰਨੇ ’ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਸ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਬਰਨਾਲਾ (ਖੇਤਰੀ ਪ੍ਰਤੀਨਿਧ): ਸੰਯੁੁਕਤ ਕਿਸਾਨ ਮੋਰਚੇ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਖਿਲਾਫ਼ ਨੂੰ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲੱਗਾ ਧਰਨਾ ਅੱਜ 236ਵੇਂ ਦਿਨ ਵੀ ਆਪਣੇ ਰਵਾਇਤੀ ਰੋਹ ਨਾਲ ਜਾਰੀ ਰਿਹਾ | ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਮਨਾਇਆ ਗਿਆ ਤੇ ਸ਼ਹੀਦ ਤੋਂ ਸ਼ਹਾਦਤ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਬੁਲਾਰਿਆਂ ‘ਚ ਗੁੁਰਦੇਵ ਸਿੰਘ ਮਾਂਗੇਵਾਲ, ਸਰਪੰਚ ਗੁੁਰਚਰਨ ਸਿੰਘ ਸੁੁਰਜੀਤਪੁੁਰਾ, ਹਰਚਰਨ ਸਿੰਘ ਚੰਨਾ, ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੋਰਾ ਸਿੰਘ ਢਿੱਲਵਾਂ, ਮਨਜੀਤ ਰਾਜ ਨੇ ਲੋਕਾਂ ਨੂੰ 26 ਮਈ ਨੂੰ ਕਾਲੇ ਦਿਵਸ ਵਜੋਂ ਪੂਰੇ ਜ਼ੋਸ ਨਾਲ ਮਨਾਉਣ ਦੀ ਅਪੀਲ ਕੀਤੀ। ਅੱਜ ਰਾਜਵਿੰਦਰ ਸਿੰਘ ਮੱਲ੍ਹੀ ਤੇ ਜਗਰੂਪ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ ਨੇ ਕਰਤਾਰ ਸਿੰਘ ਸਰਾਭਾ ਸਬੰਧੀ ਜ਼ੋਸੀਲੀਆਂ ਵਾਰਾਂ ਸੁੁਣਾਈਆਂ |
ਬਰੇਟਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਦੀ ਵਾਪਸੀ ਦੇ ਸੰਘਰਸ਼ ਅਧੀਨ ਇੱਥੋਂ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਅਤੇ ਪੈਟਰੋਲ ਪੰਪ ’ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ ਜਾਰੀ ਹਨ ਤੇ ਕਾਨੂੰਨਾਂ ਦਾ ਵਿਰੋਧ ਤੇ ਨਾਅਰੇਬਾਜ਼ੀ ਵੀ ਲਗਾਤਾਰ ਕੀਤੀ ਜਾ ਰਹੀ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨ ਰੱਦ ਕਰਵਾਉਣ ਲਈ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਲਗਾਏ ਮੋਰਚੇ ਅੱਜ 236ਵੇਂ ਦਿਨ ਵੀ ਜਾਰੀ ਰਹੇ। ਇਸ ਮੌਕੇ ਬਲਾਕ ਮੀਤ ਪ੍ਰਧਾਨ ਲਖਵੀਰ ਸਿੰਘ ਬੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ 28, 29 ਅਤੇ 30 ਮਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਦਿਨ ਰਾਤ ਦਾ ਮੋਰਚਾ ਲਗਾਇਆ ਜਾ ਰਿਹਾ ਹੈ।
ਜਲਾਲ ਤੋਂ ਕਿਸਾਨਾਂ ਦਾ ਜਥਾ ਰਵਾਨਾ
ਭਗਤਾ ਭਾਈ (ਪੱਤਰ ਪ੍ਰੇਰਕ): ਇੱਥੇ 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਮਨਾਏ ਜਾ ਰਹੇ ਕਾਲੇ ਦਿਵਸ ਵਿਚ ਸ਼ਮੂਲੀਅਤ ਕਰਨ ਲਈ ਪਿੰਡ ਜਲਾਲ ਤੋਂ ਕਿਸਾਨਾਂ ਦਾ ਜਥਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਇਕੱਤਰ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ 26 ਮਈ ਦਾ ਦਿਨ ਕਾਲਾ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ, ਸਰਪੰਚ ਪਰਮਿੰਦਰ ਸਿੰਘ ਜਲਾਲ, ਜਗਸੀਰ ਸਿੰਘ ਸੀਰਾ ਤੇ ਬਲਾਕ ਸਮਿਤੀ ਮੈਂਬਰ ਪਰਮਜੀਤ ਸਿੰਘ ਹਾਜ਼ਰ ਸਨ।