ਪੱਤਰ ਪ੍ਰੇਰਕ
ਮਾਨਸਾ, 12 ਅਕਤੂਬਰ
ਕਰਵਾ ਚੌਥ ਮੌਕੇ ਬਾਜ਼ਾਰ ਵਿੱਚ ਲੱਗੇ ਰੌਣਕ ਮੇਲੇ ਤੋਂ ਜਾਪਦਾ ਹੈ ਕਿ ਸੁਹਾਗਣਾਂ ਨੇ ਖਰੀਦਦਾਰੀ ਵਿਚ ਕਾਫੀ ਦਿਲਚਸਪੀ ਦਿਖਾਈ ਹੈ। ਸੁਹਾਗਣਾਂ ਦੇ ਸੁਹਾਗ ਦਾ ਪ੍ਰਤੀਕ ਚੂੜੀਆਂ, ਮੱਠੀਆਂ, ਜਿਊਲਰੀ, ਮਹਿੰਦੀ, ਮੇਕਅੱਪ ਦੇ ਸਾਮਾਨ ਦੀ ਖ਼ਰੀਦਦਾਰੀ ਵਿੱਚ ਵੱਡੀ ਪੱਧਰ ’ਤੇ ਵਾਧਾ ਹੋਇਆ ਹੈ। ਦੋ ਦਿਨਾਂ ਤੋਂ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਵੀ ਕਾਫੀ ਚੰਗੀ ਕਮਾਈ ਕੀਤੀ ਜਾ ਰਹੀ ਹੈ। ਦੁਕਾਨਾਂ ’ਤੇ ਔਰਤਾਂ ਦੀ ਚੂੜੀਆਂ ਖ਼ਰੀਦਣ ਲਈ ਕਾਫੀ ਭੀੜ ਦੇਖਣ ਨੂੰ ਮਿਲੀ। ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਇਸ ਵਾਰ ਕਰਵਾ ਚੌਥ ’ਤੇ 50 ਰੁਪਏ ਤੋਂ ਲੈ ਕੇ 600 ਰੁਪਏ ਪ੍ਰਤੀ ਦਰਜਨ ਤੱਕ ਦੀ ਚੂੜੀ ਬਾਜ਼ਾਰ ਵਿੱਚ ਉਪਲਬੱਧ ਹੈ, ਜਿਸ ਨੂੰ ਔਰਤਾਂ ਖੁਸ਼ੀ-ਖੁਸ਼ੀ ਖ਼ਰੀਦ ਰਹੀਆਂ ਹਨ। ਇਸੇ ਤਰ੍ਹਾਂ 100 ਰੁਪਏ ਪ੍ਰਤੀ ਕਿੱਲੋ ਮੱਠੀਆਂ ਅਤੇ 120 ਰੁਪਏ ਪ੍ਰਤੀ ਕਿੱਲੋ ਫੇਮੀਆਂ ਵਿੱਕ ਰਹੀਆਂ ਹਨ। ਲੜਕੀਆਂ ਵਿੱਚ ਵੀ ਵਰਤ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਕੁੱਝ ਬਿਊਟੀ ਪਾਰਲਰਾਂ ਦਾ ਕਹਿਣਾ ਹੈ ਕਿ ਇੰਨੀ ਦਿਨੀਂ ਲੜਕੀਆਂ ਅਤੇ ਵਿਆਹੁਤਾ ਔਰਤਾਂ ਖਾਸਕਰ ਬਿਊਟੀ ਪਾਰਲਰਾਂ ਵਿਚ ਫੈਸ਼ੀਅਲ, ਬਰਾਈਡਲ ਟਰੀਟਮੈਂਟ ਫੈਸ਼ੀਅਲ, ਫੇਲ ਕਲੀਜਿੰਗ, ਬਲੀਚ, ਪੇਡੀ ਕਿਉਰ ਅਤੇ ਮੇਨੀਕਿਉਰ ਬਿਊਟੀ ਟਰੀਟਮੈਂਟ ਲੈ ਰਹੀਆਂ ਹਨ। ਇਸ ਤੋਂ ਇਲਾਵਾ ਆਗਰਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮਹਿੰਦੀ ਡਿਜ਼ਾਈਨਰਾਂ ਕੋਲ ਵੀ ਔਰਤਾਂ ਦੀ ਭੀੜ ਲੱਗੀ ਰਹੀ।