ਜਸਵੰਤ ਜੱਸ
ਫ਼ਰੀਦਕੋਟ, 9 ਨਵੰਬਰ
ਪੰਜਾਬ ਦੇ ਨਰਸਿੰਗ ਕਾਲਜਾਂ ‘ਚ ਸਿੱਖਿਆ ਹਾਸਲ ਕਰ ਰਹੇ ਦਰਜਨਾਂ ਕਸ਼ਮੀਰੀ ਵਿਦਿਆਰਥੀਆਂ ਵੱਲੋਂ ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ਼ ਅੱਗੇ ਧਰਨਾ ਦਿੱਤਾ ਜਿਸ ਵਿੱਚ ਸੂਬਾ ਕਸ਼ਮੀਰ, ਜੰਮੂ, ਲੱਦਾਖ ਅਤੇ ਕੁਝ ਹੋਰ ਸੂਬਿਆਂ ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਜੋ ਯੂਨੀਵਰਸਿਟੀ ਅਧੀਨ ਚੱਲ ਰਹੇ ਕਾਲਜਾਂ ਵਿੱਚ ਬੀ.ਐੱਸਸੀ ਨਰਸਿੰਗ ਦੀ ਪੜ੍ਹਾਈ ਕਰ ਰਹੇ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ, ਬਾਸ਼ਿਤ, ਅਮੀਰ ਖਾਨ ਅਤੇ ਨੂਰ ਮੁਹੰਮਦ ਨੇ ਦੋਸ਼ ਲਾਇਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਅਧਿਕਾਰੀ ਵਿਦਿਆਰਥੀਆਂ ਨੂੰ ਜ਼ਲੀਲ ਕਰ ਰਹੇ ਹਨ ਅਤੇ ਕੋਈ ਵੀ ਅਧਿਕਾਰੀ ਵਿਦਿਆਰਥੀਆਂ ਦੀ ਸੁਣਵਾਈ ਨਹੀਂ ਕਰ ਰਿਹਾ। ਕਸ਼ਮੀਰੀ ਵਿਦਿਆਰਥੀਆਂ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਇੰਡੀਅਨ ਨਰਸਿੰਗ ਕੌਂਸਲ ਦੀ ਹਦਾਇਤਾਂ ‘ਤੇ 10 ਦਿਨਾਂ ਲਈ ਸਾਰੇ ਨਰਸਿੰਗ ਕਾਲਜ ਬੰਦ ਕਰ ਦਿੱਤੇ ਗਏ ਸਨ। ਇਸ ਕਰਕੇ ਉਹ ਕਸ਼ਮੀਰ ਆਪਣੇ ਘਰਾਂ ‘ਚ ਵਾਪਸ ਚਲੇ ਗਏ ਸਨ। ਬਾਅਦ ‘ਚ ਲੌਕਡਾਊਨ ਨੂੰ ਸਤੰਬਰ ਤੱਕ ਵਧਾ ਦਿੱਤਾ ਗਿਆ ਅਤੇ ਉਹ ਘਰ ਬੈਠ ਕੇ ਇੰਟਰਨੈੱਟ ਰਾਹੀਂ ਪੜ੍ਹਾਈ ਨਹੀਂ ਕਰ ਸਕੇ, ਕਿਉਂਕਿ ਕਸ਼ਮੀਰ ‘ਚ ਇੰਟਰਨੈੱਟ ਸੇਵਾਵਾਂ ਲੰਬੇ ਸਮੇਂ ਤੋਂ ਬੰਦ ਪਈਆਂ ਹਨ ਅਤੇ ਉਨ੍ਹਾਂ ਕੋਲ ਘਰ ‘ਚ ਪੜ੍ਹਨ ਲਈ ਕਿਤਾਬਾਂ ਵੀ ਨਹੀਂ ਸਨ।
ਕਸ਼ਮੀਰੀ ਵਿਦਿਅਰਥੀਆਂ ਨੇ ਮੰਗ ਕੀਤੀ ਕਿ ਇੰਡੀਅਨ ਨਰਸਿੰਗ ਕੌਂਸਲ ਦੀਆਂ ਹਦਾਇਤਾਂ ਮੁਤਾਬਿਕ ਵਿਦਿਆਰਥੀਆਂ ਨੂੰ ਅਗਲੇ ਸਾਲ ਵਿੱਚ ਪ੍ਰਮੋਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਰਸਿੰਗ ਦੇ ਵਿਦਿਆਰਥੀ ਪਹਿਲਾਂ ਪ੍ਰੈਕਟੀਕਲ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਨਰਸਿੰਗ ਦੀ ਪੜ੍ਹਾਈ ਵਿੱਚ ਪ੍ਰੈਕਟੀਕਲ ਪ੍ਰੀਖਿਆ ਹੀ ਮੁੱਖ ਵਿਸ਼ਾ ਹੁੰਦੀ ਹੈ। ਪੀ.ਐੱਸ.ਯੂ. ਆਗੂ ਸਾਹਿਲਦੀਪ ਸਿੰਘ, ਸੁਖਪ੍ਰੀਤ ਕੌਰ, ਹਰਵੀਰ ਕੌਰ ਤੇ ਕੇਸ਼ਵ ਕੁਮਾਰ ਨੇ ਕਿਹਾ ਕਿ ਬਹੁਤੇ ਕਸ਼ਮੀਰੀ ਵਿਦਿਆਰਥੀਆਂ ਦੀਆਂ ਕਰੋਨਾ ਰਿਪੋਰਟ ਪਾਜ਼ੇਟਿਵ ਆਈਆਂ ਹਨ। ਇਸ ਕਰਕੇ 18 ਨਵੰਬਰ ਤੋਂ ਸ਼ੁਰੂ ਹੋ ਰਹੇ ਇਮਤਿਹਾਨ ‘ਚ ਉਹ ਸ਼ਾਮਲ ਹੀ ਨਹੀਂ ਹੋ ਸਕਦੇ।
ਕਸ਼ਮੀਰੀ ਵਿਦਿਆਰਥੀਆਂ ਨੇ ਦੱਸਿਆ ਕਿ ਲੌਕਡਾਊਨ ‘ਚ ਕਾਲਜ ਬੰਦ ਹੋਣ ਕਰਕੇ ਉਹ ਆਪਣਾ ਸਾਮਾਨ ਤੇ ਕਿਤਾਬਾਂ ਹੋਸਟਲ ‘ਚ ਹੀ ਛੱਡ ਗਏ ਸਨ ਜਿਸ ਕਰਕੇ ਘਰ ਵਿੱਚ ਰਹਿ ਕੇ ਵੀ ਪੜ੍ਹਾਈ ਨਹੀਂ ਹੋ ਸਕੀ। ਕਸ਼ਮੀਰੀ ਵਿਦਿਆਰਥੀ ਕਰੀਬ ਛੇ ਘੰਟੇ ਯੂਨੀਵਰਸਿਟੀ ਦੇ ਬਾਹਰ ਧਰਨੇ ‘ਤੇ ਬੈਠੇ ਰਹੇ। ਜਦੋਂ ਯੂਨੀਵਰਸਿਟੀ ਅਧਿਕਾਰੀਆ ਨੇ ਕੋਈ ਗੱਲ ਨਹੀਂ ਸੁਣੀ ਤਾਂ ਇਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਹਿਯੋਗ ਨਾਲ ਫ਼ਰੀਦਕੋਟ-ਸਾਦਿਕ ਸੜਕ ਜਾਮ ਕਰ ਦਿੱਤੀ ਜਿਸ ‘ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਕੀਤਾ।
ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਸ਼ਿਕਵੇ ਦੂਰ ਕਰਨ ਲਈ ਯੂਨੀਵਰਸਿਟੀ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਹੈ। ਯੂਨੀਵਰਸਿਟੀ ਅਧਿਕਾਰੀ ਵਿਦਿਆਰਥੀਆਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਅਤੇ ਜਲਦ ਹੀ ਇਸ ਦਾ ਕੋਈ ਨਿਪਟਾਰਾ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਅਧਿਕਾਰੀ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ ਅਤੇ ਪਿਛਲੇ ਇੱਕ ਹਫ਼ਤੇ ਤੋਂ ਆਪਣੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਅਧਿਕਾਰੀਆਂ ਦੇ ਤਰਲੇ ਕੱਢ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।