ਪੱਤਰ ਪ੍ਰੇਰਕ
ਮਹਿਲ ਕਲਾਂ, 12 ਮਾਰਚ
ਚੋਣ ਨਤੀਜਿਆਂ ਦੀ ਸਮੀਖਿਆ ਲਈ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਹਲਕਾ ਮਹਿਲ ਕਲਾਂ ਨਾਲ ਸਬੰਧਤ ਪਾਰਟੀ ਵਰਕਰਾਂ ਦੀ ਇੱਕ ਇਕੱਤਰਤਾ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਟਿਕਟ ’ਤੇ ਚੋਣ ਲੜਨ ਮਗਰੋਂ ਦੂਸਰੇ ਸਥਾਨ ’ਤੇ ਰਹੇ ਗੁਰਜੰਟ ਸਿੰਘ ਕੱਟੂ ਨੇ ਹਾਰ ਦਾ ਠੀਕਰਾ ਈਵੀਐੱਮਜ਼ ਸਿਰ ਭੰਨਦਿਆਂ ਦੋਸ਼ ਲਾਇਆ ਕਿ ਕੇਂਦਰੀ ਹਕੂਮਤ ਵੱਲੋਂ ਇੱਕ ਯੋਜਨਾ ਤਹਿਤ ਪੰਜਾਬ ਦੀਆਂ ਖੇਤਰੀ ਪਾਰਟੀਆਂ ਨੂੰ ਖਤਮ ਕਰਕੇ ਆਮ ਆਦਮੀ ਪਾਰਟੀ ਨੂੰ ਤਾਕਤ ਦੇ ਕੇ ਅੱਗੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਲੋਕਾਂ ਨੇ ਫ਼ਤਵਾ ਨਹੀਂ ਦਿੱਤਾ ਬਲਕਿ ਇਹ ਈਵੀਐੱਮਜ਼ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਨਹੀਂ ਚਾਹੁੰਦੀ ਕਿ ਪੰਥਕ ਧਿਰਾਂ ਜਿੱਤ ਕੇ ਵਿਧਾਨ ਸਭਾ ਪਹੁੰਚਣ। ਉਨ੍ਹਾਂ ਕਿਹਾ ਕਿ ਪਾਰਟੀ ਹਲਕਾ ਸੰਗਰੂਰ ਦੀ ਖਾਲੀ ਹੋਣ ਜਾ ਰਹੀ ਸੀਟ ’ਤੇ ਜ਼ਿਮਨੀ ਚੋਣ ਲੜੇਗਾ ਜਿਸਦੀ ਤਿਆਰੀ ਹੁਣੇ ਤੋਂ ਸ਼ੁਰੂ ਕੀਤੀ ਜਾਵੇਗੀ।