ਪਵਨ ਗੋਇਲ
ਭੁੱਚੋ ਮੰਡੀ, 10 ਨਵੰਬਰ
ਪਿੰਡ ਚੱਕ ਰਾਮ ਸਿੰਘ ਵਾਲਾ ਦਾ ਕਿਸਾਨ ਕੇਹਰ ਸਿੰਘ (ਸਾਬਕਾ ਸਰਪੰਚ) ਪਿਛਲੇ 5 ਸਾਲਾਂ ਤੋਂ ਪਰਾਲੀ ਸਾੜੇ ਬਿਨਾਂ ਕਣਕ ਦੀ ਬਿਜਾਈ ਕਰਕੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣਿਆ ਹੋਇਆ ਹੈ। ਉਹ ਵਾਤਾਵਰਨ ਦੀ ਸ਼ੁੱਧਤਾ ਅਤੇ ਜ਼ਮੀਨ ਦੀ ਉਪਜਾਉ ਸ਼ਕਤੀ ਬਰਕਰਾਰ ਰੱਖਣ ਵਿੱਚ ਚੰਗਾ ਯੋਗਦਾਨ ਪਾ ਰਿਹਾ ਹੈ।
ਜ਼ਮੀਨ ਠੇਕੇ ‘ਤੇ ਦੇਣ ਸਮੇਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਦਲੇ ਖਰਚੇ ਵਜੋਂ ਇੱਕ ਹਜ਼ਾਰ ਰੁਪਏ ਪ੍ਰਤੀ ਏਕੜ ਆਪਣੇ ਪੱਲਿਓਂ ਦੇ ਰਿਹਾ ਹੈ। ਜਾਗਰੂਕ ਕਿਸਾਨ ਕੇਹਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਵਾਰ ਪੰਜ ਏਕੜ ਵਿੱਚ ਲਾਈ ਝੋਨੇ ਦੀ ਫਸਲ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਚੁੱਕ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਹੈਪੀ ਸੀਡਰ ਦੀ ਵਰਤੋਂ ਕਰਦੇ ਸਨ, ਪਰ ਸੁਪਰ ਸੀਡਰ ਉਸ ਤੋਂ ਜ਼ਿਆਦਾ ਕਾਮਯਾਬ ਸਾਬਤ ਹੋਇਆ ਹੈ। ਇਹ ਝੋਨੇ ਦੇ ਮੁੱਢਾਂ ਅਤੇ ਖੜ੍ਹੀ ਨਾੜ ਨੂੰ ਚੰਗੀ ਤਰ੍ਹਾਂ ਬਰੀਕ ਕਰ ਦਿੰਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਉਸ ਨੇ ਲਗਭਗ 28 ਏਕੜ ਜ਼ਮੀਨ ਠੇਕੇ ‘ਤੇ ਦਿੱਤੀ ਹੈ ਅਤੇ ਕਿਸਾਨਾਂ ਨੂੰ ਪਰਾਲੀ ਖੇਤ ਵਿੱਚ ਵਾਹੁਣ ਲਈ ਇੱਕ ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਮੰਗ ਕਿ ਪੰਜਾਬ ਸਰਕਾਰ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਵਿੱਚ ਸੁਪਰ ਸੀਡਰ ਦਾ ਪ੍ਰਬੰਧ ਜ਼ਰੂਰ ਕਰੇ, ਤਾਂ ਕਿ ਵਾਤਾਵਰਨ ਨੂੰ ਗੰਧਲੇ ਹੋਣ ਤੋਂ ਬਚਾਇਆ ਜਾ ਸਕੇ।