ਜਲਾਲਾਬਾਦ (ਪੱਤਰ ਪ੍ਰੇਰਕ) ਵੀਰਵਾਰ ਦੀ ਸ਼ਾਮ ਨੂੰ ਇਲਾਕੇ ਵਿੱਚ ਆਈ ਤੇਜ਼ ਹਨੇਰੀ, ਝੱਖੜ ਅਤੇ ਤੂਫਾਨ ਦੇ ਕਾਰਨ ਸਥਾਨਕ ਅਰਾਈਆਂ ਵਾਲਾ ਰੋਡ ’ਤੇ ਪੈਂਦੀ ਕੇਜੀ ਇੰਡਸਟਰੀ ਦੇ ਸ਼ੈੱਡ ਉੱਡ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਕੇਜੀ ਇੰਡਸਟਰੀ ਦੇ ਸੰਚਾਲਕ ਸਤੀਸ਼ ਕੁਮਾਰ ਬੱਬੂ ਜਿੰਦਲ ਨੇ ਦੱਸਿਆ ਕਿ ਅਚਾਨਕ ਆਈ ਤੇਜ਼ ਹਨੇਰੀ ਅਤੇ ਤੂਫਾਨ ਦੇ ਕਾਰਨ ਜਿੱਥੇ ਉਨ੍ਹਾਂ ਦੇ ਸ਼ੈਲਰ ਦੀਆਂ ਵੱਖ ਵੱਖ ਸ਼ੈੱਡਾਂ ਦੀਆਂ ਛੱਤਾਂ ਉੱਡ ਗਈਆਂ ਉੱਥੇ ਕਈ ਦੀਵਾਰਾਂ ਵੀ ਡਿੱਗ ਗਈਆਂ। ਅਜਿਹਾ ਹੋਣ ਨਾਲ ਇੰਡਸਟਰੀ ਨੂੰ ਦਸ ਤੋਂ ਪੰਦਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਇੰਡਸਟਰੀ ਪਹਿਲਾਂ ਹੀ ਬਹੁਤ ਵੱਡੇ ਘਾਟੇ ਵਿੱਚ ਚੱਲ ਰਹੀ ਹੈ ਅਤੇ ਉਪਰੋਂ ਕੁਦਰਤ ਦੀ ਅਜਿਹੀ ਮਾਰ ਸ਼ੈਲਰ ਮਾਲਕਾਂ ਨੂੰ ਹੋਰ ਵੀ ਨੁਕਸਾਨ ਝੱਲਣ ਲਈ ਮਜਬੂਰ ਕਰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਸਰਕਾਰ ਸ਼ੈਲਰ ਮਿੱਲਰਾਂ ਨੂੰ ਦੇਵੇ।