ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਨਵੰਬਰ
ਖੇਤੀਬਾੜੀ ਵਿਭਾਗ ’ਚੋਂ ਬਤੌਰ ਡਿਪਟੀ ਡਾਇਰੈਕਟਰ ਸੇਵਾਮੁਕਤੀ ਮਗਰੋਂ ਡਾ. ਜਸਵਿੰਦਰ ਸਿੰਘ ਬਰਾੜ ਨੇ ਜਿਥੇ ਖੇਤੀਬਾੜੀ ਧੰਦੇ ਦਾ ਰਾਹ ਚੁਣ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ, ਉਥੇ ਉਨ੍ਹਾਂ ਪਰਾਲੀ ਸਾੜੇ ਬਗੈਰ ਚੌਪਰ ਨਾਲ ਪਰਾਲੀ ਕੱਟਣ ਮਗਰੋਂ ਜ਼ਮੀਨ ’ਚ ਵਾਹ ਕੇ ਪਰਾਲੀ ਪ੍ਰਬੰਧਨ ਦਾ ਉਪਰਾਲਾ ਵੀ ਕੀਤਾ ਹੈ। ਉਹ ਖੁਦ ਟਰੈਕਟਰ ਚਲਾ ਕੇ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਲਈ ਖੇਤ ਤਿਆਰ ਕਰ ਰਹੇ ਹਨ। ਉਨ੍ਹਾਂ ਪਿਛਲੇ ਤਿੰਨ ਦਹਾਕਿਆਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਈ। ਉਹ ਪਿੰਡ ਖੋਸਾ ਰਣਧੀਰ ’ਚ 25 ਏਕੜ ਵਿੱਚ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਮੌਸਮ ’ਚ ਨਮੀ ਅਤੇ ਤਰੇਲ ਪੈਣ ਕਾਰਨ ਪਰਾਲੀ ਸੰਲਾਭੀ ਤੇ ਚੀੜ੍ਹੀ ਹੋ ਜਾਣ ਨਾਲ ਮੁਸ਼ਕਲ ਜ਼ਰੂਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਖੇਤ ’ਚ ਵਾਹੁਣਾ ਜ਼ਮੀਨ ਲਈ ਦੇਸੀ ਘਿਉ ਵਾਂਗ ਕੰਮ ਕਰਦਾ ਹੈ, ਪਰਾਲੀ ਦੇ ਖੇਤ ਵਿੱਚ ਗ਼ਲਣ ਉਪਰੰਤ ਇਹ ਖਾਦ ਦਾ ਕੰਮ ਕਰਦੀ ਹੈ ਜਿਸ ਨਾਲ ਜ਼ਮੀਨ ਵਿੱਚ ਮੱਲੜ ਦੀ ਮਾਤਰਾ ਵਧਦੀ ਹੈ ਅਤੇ ਅਗਲੀ ਫਸਲ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ’ਚ ਹੀ ਵਾਹੁਣ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸੁਪਰ ਐੱਸਐੱਮਐੱਸ ਵਾਲੀ ਕੰਬਾਈਨ ਨਾਲ ਝੋਨੇ ਦੀ ਵਾਢੀ ਕਰਵਾਉਣ ਤੋਂ ਬਾਅਦ ਹੈਪੀ ਸੀਡਰ, ਸੁਪਰ ਸੀਡਰ ਅਤੇ ਰੋਟੋ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ।