ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਮਾਰਚ
ਮੁਕਤਸਰ ਜ਼ਿਲ੍ਹੇ ਦੇ ਹਲਕਾ ਲੰਬੀ ਤੋਂ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ 11 ਹਜ਼ਾਰ 396 ਵੋਟਾਂ ਨਾਲ ਹਰਾ ਕੇ ਲੰਬੀ ਤੋਂ ਬਣੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਜ਼ਿਲ੍ਹੇ ਭਰ ਦੇ ਅਧਿਕਾਰੀਆਂ ਨੂੰ ਰਲ ਮਿਲ ਕੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੇ ਦਰਬਾਰੇ ਜੇ ਉਨ੍ਹਾਂ ਰਾਹੀਂ ਕਿਸੇ ਉੱਚ ਪੱਧਰੀ ਦਫਤਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਕੋਈ ਅੜਿੱਕਾ ਆ ਰਿਹਾ ਹੋਵੇ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆ ਕੇ ਮਸਲਾ ਹੱਲ ਕਰਵਾਇਆ ਜਾ ਸਕਦਾ ਹੈ| ਪ੍ਰਾਈਵੇਟ ਸਕੂਲਾਂ ਦੀ ਕਿਤਾਬਾਂ ਸਬੰਧੀ ਹੋ ਰਹੀ ਲੁੱਟ ਦੇ ਲਾਏ ਜਾ ਰਹੇ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਇਹ ਮਸਲੇ ਵੀ ਜਲਦ ਹੀ ਹੱਲ ਕਰ ਲਏ ਜਾਣਗੇ | ਜ਼ਿਲ੍ਹੇ ਵਿਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਸਬੰਧੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਐੱਨਜੀਓ ਅਤੇ ਆਮ ਲੋਕਾਂ ਦੇ ਸਾਥ ਸਦਕਾ ਹੀ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਵੱਲੋਂ ਨਵੀਂ ਬਣੀ ਸਰਕਾਰ ਅਤੇ ਆਮ ਜਨਤਾ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦੁਆਇਆ | ਇਸ ਮੌਕੇ ਏਡੀਸੀ (ਡੀ) ਸੁਰਿੰਦਰ ਸਿੰਘ, ਐੱਸਡੀਐੱਮ ਮਲੋਟ ਪ੍ਰਮੋਦ ਸਿੰਗਲਾ ਹਾਜ਼ਰ ਸਨ |