ਬਲਜੀਤ ਸਿੰਘ
ਸਰਦੂਲਗੜ੍ਹ, 12 ਅਕਤੂਬਰ
ਮਾਨਸਾ-ਸਿਰਸਾ ਕੌਮੀ ਮਾਰਗ ’ਤੇ ਉੱਗੀਆਂ ਪਹਾੜੀ ਕਿੱਕਰਾਂ ਅਤੇ ਦਰੱਖਤਾਂ ਦੀਆਂ ਨੇ ਸੜਕ ਦੇ ਕਿਨਾਰਿਆਂ ਤੋਂ ਚਾਰ-ਚਾਰ ਫੁੱਟ ਘੇਰ ਰੱਖਿਆ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਖਾਸ ਕਰਕੇ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਨੇ ਸੜਕ ਦੇ ਦੋਵਾਂ ਕਿਨਾਰਿਆਂ ਨੂੰ ਘੇਰ ਰੱਖਿਆ ਹੈ। ਵਾਹਨ ਚਾਲਕਾਂ ਨੂੰ ਸਾਇਡ ਦੇਣ ਸਮੇਂ ਮੁਸ਼ਕਲ ਆਉਂਦੀ ਹੈ। ਦੋ ਪਹੀਏ ਵਾਹਨ ਕਈ ਵਾਰ ਇਨ੍ਹਾਂ ਕਰਕੇ ਹਾਦਸੇ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਇਸ ਰਾਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਬੱਸ ਚਾਲਕ ਗੁਰਜੰਟ ਸਿੰਘ ਤੇ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਸਿਵਲ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀ ਇਥੋਂ ਰੋਜ਼ਾਨਾ ਹੀ ਗੁਜ਼ਰਦੇ ਹਨ, ਪਰ ਉਨ੍ਹਾਂ ਦਾ ਧਿਆਨ ਕਦੇ ਵੀ ਇਨ੍ਹਾਂ ਝਾੜੀਆਂ ਵੱਲ ਨਹੀਂ ਗਿਆ ਜਿਨ੍ਹਾਂ ਸੜਕ ਦੀ ਤਕਰੀਬਨ ਚਾਰ-ਚਾਰ ਫੁੱਟ ਥਾਂ ਦੋਵਾਂ ਪਾਸਿਆਂ ਤੋਂ ਰੁਕੀ ਹੋਈ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਣ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਕਿਨਾਰੇ ਫੈਲੀਆਂ ਟਾਹਣੀਆਂ ਨੂੰ ਤੁਰੰਤ ਹਟਾਇਆ ਜਾਵੇ।