ਨਿਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 28 ਜੂਨ
ਅਗਵਾ ਹੋਣ ਦਾ ਡਰਾਮਾ ਰਚ ਕੇ ਦੂਜੇ ਲੋਕਾਂ ਨੂੰ ਫਸਾਉਣ ਵਾਲਾ ਹੁਣ ਖੁਦ ਹੀ ਆਪਣੇ ਜਾਲ ਵਿੱਚ ਫਸ ਗਿਆ ਹੈ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਕਰੀਆਂ ਦੇ ਰਾਮ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੀ ਕਿ ਉਸਦਾ ਲੜਕਾ ਗਗਨਦੀਪ ਸਿੰਘ ਉਰਫ ਗੱਗੀ 14 ਜੂਨ ਤੋਂ ਘਰੋਂ ਗਾਇਬ ਸੀ ਤੇ ਉਸਦਾ ਮੋਬਾਈਲ ਫੋਨ ਵੀ ਬੰਦ ਸੀ। 14 ਜੂਨ ਦੀ ਸ਼ਾਮ ਨੂੰ ਗਗਨਦੀਪ ਸਿੰਘ ਦੇ ਭਾਣਜੇ ਮਨਦੀਪ ਸਿੰਘ ਵਾਸੀ ਪਿੰਡ ਗੰਗਾ ਦੇ ਫੋਨ ’ਤੇ ਗਗਨਦੀਪ ਸਿੰਘ ਦੇ ਮੋਬਾਈਲ ਤੋਂ ਵਟਸਐਪ ਤੋਂ ਕਲਿੱਪ ਆਈ ਕਿ ਗਗਨਦੀਪ ਸਿੰਘ ਨੂੰ ਉਨ੍ਹਾਂ ਨੇ ਅਗਵਾ ਕਰ ਲਿਆ ਹੈ| ਅਗਵਾਕਾਰ ਨੇ ਧਮਕੀ ਦਿੱਤੀ ਕਿ ਜੇ ਗਗਨਦੀਪ ਸਿੰਘ ਨੇ ਪਰਮਿੰਦਰ ਕੌਰ ਨੂੰ ਤਲਾਕ ਲਿਖ ਕੇ ਨਾ ਭੇਜਿਆ ਤਾਂ ਗਗਨਦੀਪ ਸਿੰਘ ਦਾ ਕਤਲ ਕਰ ਦਿੱਤਾ ਜਾਵੇਗਾ| ਇਸਦੇ ਨਾਲ ਹੀ ਗਗਨਦੀਪ ਸਿੰਘ ਹੱਥ ਪੈਰ ਬੰਨ੍ਹ ਕੇ ਮੂੰਹ ’ਚ ਕੱਪੜਾ ਪਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਸੁੱਟੇ ਪਏ ਦੀ ਤੇ ਇਕ ਵਿਵਕਤੀ ਹੱਥ ਵਿੱਚ ਦੇਸੀ ਪਿਸਤੌਲ ਫੜੀ ਖੜ੍ਹੇ ਦੀਆਂ ਫੋਟੋਆਂ ਵੀ ਭੇਜੀਆਂ| ਮਾਮਲਾ ਪੁਲੀਸ ਦੇ ਧਿਆਨ ’ਚ ਆਉਣ ਤੋਂ ਬਾਅਦ ਉਪ ਕਪਤਾਨ ਪੁਲੀਸ ਅਮਰਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਜਾਂਚ ਵਿੱਚ ਪਾਇਆ ਗਿਆ ਕਿ ਗਗਨਦੀਪ ਸਿੰਘ ਨੂੰ ਕਿਸੇ ਨੇ ਅਗਵਾ ਨਹੀਂ ਸੀ ਕੀਤਾ ਬਲਕਿ ਉਸਨੇ ਖੁਦ ਹੀ ਅਗਵਾ ਹੋਣ ਦਾ ਡਰਾਮਾ ਕੀਤਾ ਸੀ ਤੇ ਆਪਣੀ ਆਵਾਜ਼ ਬਦਲ ਕੇ ਕਿਸੇ ਅਣਪਛਾਤੀ ਜਗ੍ਹਾ ਤੋਂ ਵਾਰ-ਵਾਰ ਧਮਕੀ ਭਰੇ ਆਡਿਓ ਕਲਿੱਪ ਭੇਜੇ ਸੀ| ਪੁਲੀਸ ਨੇ ਗਗਨਦੀਪ ਸਿੰਘ ਨੂੰ ਅੰਮਿ੍ਤਸਰ ਦੇ ਇਕ ਹੋਟਲ ਵਿੱਚੋਂ ਕਾਬੂ ਕਰਕੇ ਉਸ ਕੋਲੋਂ ਦੇਸੀ ਪਿਸਤੌਲ ਸਮੇਤ ਦੋ ਕਾਰਤੂਸ ਕਾਬੂ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ| ਅਸਲ ਵਿੱਚ ਗਗਨਦੀਪ ਸਿੰਘ ਵੱਲੋਂ ਆਪਣੀ ਵਿਚੋਲਣ ਤੇ ਰਿਸ਼ਤੇਦਾਰਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਤਲਾਕ ਲੈਣ ਲਈ ਧਮਕੀ ਭਰੇ ਸੁਨੇਹੇ ਭੇਜੇ ਜਾਂਦੇ ਰਹੇ ਜਿਨ੍ਹਾਂ ਬਾਰੇ ਵੱਖਰੇ ਤੌਰ ’ਤੇ ਤਫਤੀਸ਼ ਜਾਰੀ ਹੈ।