ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 21 ਦਸੰਬਰ
ਸਨੈਕਰ ਰੈਸਟੋਰੈਂਟ ਕੋਲ ਬੀਤੀ ਰਾਤ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਦੋਂਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ| ਇਸ ਕਤਲ ਦੇ ਦੋਸ਼ ਵਿੱਚ ਮੁਕਤਸਰ ਪੁਲੀਸ ਨੇ ਦੋ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਕੇ ਇੱਕ ਨੂੰ ਅਸਲੇ ਸਣੇ ਕਾਬੂ ਕਰ ਲਿਆ ਹੈ ਜਦੋਂਕਿ ਦੂਜਾ ਕਥਿਤ ਦੋਸ਼ੀ ਫ਼ਰਾਰ ਹੈ|
ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਤੇ ਸੁਮਿਤ ਸਿੰਘ ਬਰਾੜ ਪਹਿਲਾਂ ਦੋਸਤ ਸਨ ਪਰ ਬਾਅਦ ਵਿੱਚ ਅਣਬਣ ਹੋ ਗਈ ਸੀ। ਜ਼ਿਲ੍ਹਾ ਪੁਲੀਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਕਰੀਬ ਸਾਢੇ 8 ਵਜੇ ਸੁਮਿਤ ਸਿੰਘ ਬਰਾੜ ਅਤੇ ਰਿਪਨਜੋਤ ਸਿੰਘ ਵਾਸੀ ਜਵਾਹਰੇਵਾਲਾ ਉਪਰ ਸਨੈਕਰ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਸਕਾਰਪੀਓ ਗੱਡੀ ਵਿੱਚ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਸੁਮਿਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਰਿਪਨਜੋਤ ਸਿੰਘ ਜ਼ਖਮੀ ਹੋ ਗਿਆ| ਪੁਲੀਸ ਨੇ ਸੂਚਨਾ ਮਿਲਦਿਆਂ ਹੀ ਕਾਰਵਾਈ ਕਰਦਿਆਂ ਪਤਾ ਲਾਇਆ ਹੈ ਕਿ ਇਹ ਹਮਲਾ ਲਵਪ੍ਰੀਤ ਸਿੰਘ ਅਤੇ ਜੈਰੀਤ ਸਿੰਘ ਵਾਸੀ ਮੁਕਤਸਰ ਨੇ ਕੀਤਾ ਹੈ ਅਤੇ ਉਹ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ ਹਨ। ਪੁਲੀਸ ਨੇ ਕਾਰਵਾਈ ਕਰਦਿਆਂ ਲਵਪ੍ਰੀਤ ਸਿੰਘ ਨੂੰ ਪਿਸਤੌਲ, ਕਾਰਤੂਸਾਂ ਅਤੇ ਗੱਡੀ ਬਣੇ ਕਾਬੂ ਕਰ ਲਿਆ| ਪਿਸਤੌਲ ਲਵਪ੍ਰੀਤ ਸਿੰਘ ਦੇ ਚਚੇਰੇ ਭਾਈ ਹਰਪ੍ਰੀਤ ਸਿੰਘ ਦਾ ਹੈ| ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।