ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 26 ਅਪਰੈਲ
ਭੱਠਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਐੱਸਡੀਐੱਮ ਦਫ਼ਤਰ ਜਲਾਲਾਬਾਦ ਸਾਹਮਣੇ ਪੰਜਾਬ ਭੱਠਾ ਵਰਕਰਜ਼ ਯੂਨੀਅਨ (ਏਟਕ) ਦੀ ਅਗਵਾਈ ਵਿਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੱਜ ਦੀ ਇਸ ਭੁੱਖ ਹੜਤਾਲ ਵਿੱਚ ਪੰਜ ਸਾਥੀ ਭੁੱਖ ਹੜਤਾਲ ’ਤੇ ਬੈਠੇ। ਉਨ੍ਹਾਂ ਵਿੱਚ ਬਲਵਿੰਦਰ ਸਿੰਘ ਛੋਟਾ ਟਿਵਾਣਾ, ਸੁਰਜੀਤ ਸਿੰਘ ਥਾਰਾ ਸਿੰਘ ਵਾਲਾ, ਬੂਟਾ ਸਿੰਘ, ਲਾਲ ਸਿੰਘ ਲਾਧੂਕਾ ਅਤੇ ਪ੍ਰੇਮ ਸਿੰਘ ਗੁਲਾਮ ਰਸੂਲ ਵਾਲਾ ਫ਼ਾਜ਼ਿਲਕਾ ਭੁੱਖ ਹੜਤਾਲ ’ਤੇ ਬੈਠੇ।
ਇਸ ਮੌਕੇ ਪੰਜਾਬ ਭੱਠਾ ਵਰਕਰਜ਼ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਅਤੇ ਯੂਨੀਅਨ ਦੇ ਮੁੱਖ ਸਲਾਹਕਾਰ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਲਮਕਦੀਆਂ ਆ ਰਹੀਆਂ ਹਨ। ਭੱਠਾ ਮਾਲਕਾਂ ਵੱਲੋਂ ਮਨਮਾਨੀਆਂ ਕਰ ਕੇ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਤਕ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਲੜੀਵਾਰ ਭੁੱਖ ਹੜਤਾਲ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਉਨ੍ਹਾਂ ਨੂੰ ਪੂਰੀ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ। ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਕੱਤਰ ਰਾਕੇਸ਼ ਕੁਮਾਰ ਅਤੇ ਜ਼ਿਲ੍ਹਾ ਮੀਤ ਸਕੱਤਰ ਵੀਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਪ੍ਰਧਾਨ ਮਹਿੰਦਰ ਸਿੰਘ, ਵੀਰ ਸਿੰਘ, ਗੁਰਦੀਪ ਸਿੰਘ, ਰਾਮ ਸਿੰਘ, ਦੀਪਕ ਕੁਮਾਰ, ਮੰਗਲ ਸਿੰਘ, ਗੁਰਦੇਵ ਸਿੰਘ, ਸੰਦੀਪ ਸਿੰਘ ਅਤੇ ਪਰਮ ਸਿੰਘ ਹਾਜ਼ਰ ਸਨ।