ਪਰਮਜੀਤ ਸਿੰਘ
ਫਾਜ਼ਿਲਕਾ, 10 ਅਗਸਤ
ਪੰਜਾਬ ਭੱਠਾ ਵਰਕਰਜ਼ ਯੂਨੀਅਨ (ਏਟਕ) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਨੈਸ਼ਨਲ ਹਾਈਵੇ ਨੂੰ ਬੰਦ ਕਰਕੇ ਅਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਪੰਜਾਬ ਪ੍ਰਧਾਨ, ਕਾਮਰੇਡ ਸੁਰਿੰਦਰ ਢੰਡੀਆਂ ਸਟੇਟ ਕੌਂਸਲ ਸੀ.ਪੀ.ਆਈ., ਕਾਮਰੇਡ ਬਲਵਿੰਦਰ ਸਿੰਘ ਜ਼ਿਲ੍ਹਾ ਮੀਤ ਸਕੱਤਰ, ਕਾਮਰੇਡ ਮਲਕੀਤ ਸਿੰਘ ਲਮੋਚੜ, ਕਾਮਰੇਡ ਜਸਵੀਰ ਸਿੰਘ ਲਾਧੂਕਾ, ਕਾਮਰੇਡ ਸੁਬੇਗ ਸਿੰਘ ਸੀ.ਪੀ.ਆਈ. ਮੈਂਬਰ ਨੇ ਕਿਹਾ ਕਿ ਯੂਨੀਅਨ ਦੀ ਲਗਭਗ 71 ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਚੱਕਾ ਜਾਮ ਮਜ਼ਦੂਰਾਂ ਨੂੰ ਬਣਦਾ ਸਰਕਾਰੀ ਰੇਟ ਨਾ ਮਿਲਣ ਕਾਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੀ ਭੱਠਾ ਮਾਲਕਾਂ ਨਾਲ ਕਥਿਤ ਮਿਲੀਭੁਗਤ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਭੱਠਾ ਮਾਲਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਭੱਠਾ ਮਾਲਕ ਪਹਿਲਾਂ ਹੋਏ ਸਮਝੌਤੇ ਤੋਂ ਵੀ ਭੱਜ ਰਹੇ ਹਨ ਜਿਸ ਕਾਰਨ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾ ਰਿਹਾ ਹੈ।