ਜਸਵੰਤ ਜੱਸ
ਫ਼ਰੀਦਕੋਟ, 9 ਜੁਲਾਈ
ਇੱਥੇ ਮੁੱਖ ਬਾਜ਼ਾਰ ਵਿੱਚ ਦੇਰ ਸ਼ਾਮ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਵੱਲੋਂ ਸ਼ਰ੍ਹੇਆਮ ਤਲਵਾਰਾਂ ਚਲਾਈਆਂ ਗਈਆਂ। ਸੇਠੀਆਂ ਵਾਲੇ ਬਾਜ਼ਾਰ ਵਿੱਚ ਕਿਰਪਾਨਾਂ ਨਾਲ ਹਥਿਆਰਬੰਦ ਹੋ ਕੇ ਆਏ ਨੌਜਵਾਨਾਂ ਨੇ ਦੁਕਾਨ ਤੇ ਖ਼ਰੀਦੋ ਫ਼ਰੋਖਤ ਕਰ ਰਹੇ ਦੋ ਬੰਦਿਆਂ ਨੂੰ ਕਿਰਪਾਨਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਘਟਨਾ ਸਥਾਨ ’ਤੇ ਹਾਜ਼ਰ ਕੁੱਝ ਲੋਕਾਂ ਨੇ ਇਸ ਸਬੰਧੀ ਤੁਰੰਤ ਸਿਟੀ ਪੁਲੀਸ ਫ਼ਰੀਦਕੋਟ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਫੋਨ ਕੀਤੇ। ਲੋਕਾਂ ਅਨੁਸਾਰ ਕਈ ਅਧਿਕਾਰੀਆਂ ਨੇ ਫੋਨ ਨਹੀਂ ਚੁੱਕੇ। ਬਾਅਦ ਵਿੱਚ ਇਹ ਮਾਮਲਾ ਫ਼ਰੀਦਕੋਟ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਤੋਂ ਤੁਰੰਤ ਬਾਅਦ ਫ਼ਰੀਦਕੋਟ ਦੇ ਐੱਸਪੀ ਬਾਲਕ੍ਰਿਸ਼ਨ ਸਿੰਗਲਾ ਘਟਨਾ ਸਥਾਨ ’ਤੇ ਪੁੱਜੇ ਪਰ ਉਦੋਂ ਤੱਕ ਹਮਲਾਵਰ ਹਥਿਆਰਬੰਦ ਨੌਜਵਾਨ ਮੌਕੇ ਤੋਂ ਭੱਜ ਗਏ ਸਨ। ਪੁਲੀਸ ਦੇ ਆਉਣ ਤੱਕ ਬਾਜ਼ਾਰ ਵਾਲੀਆਂ ਦੁਕਾਨਾਂ ਵੀ ਦਹਿਸ਼ਤ ਕਾਰਨ ਬੰਦ ਹੋ ਗਈਆਂ ਅਤੇ ਕਿਸੇ ਵੀ ਦੁਕਾਨਦਾਰ ਨੇ ਪੁਲੀਸ ਅਧਿਕਾਰੀਆਂ ਨਾਲ ਘਟਨਾ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ।
ਐੱਸਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਲਈ ਦੁਕਾਨਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਅਤੇ ਦਹਿਸ਼ਤ ਫੈਲਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲੀਸ ਮੌਕੇ ’ਤੇ ਪੁੱਜ ਗਈ ਸੀ।
ਹੈਪੀ ਬਰਾੜ ਨੇ ਕਿਹਾ ਕਿ ਇਕ ਦਿਨ ਪਹਿਲਾਂ ਵੀ ਹਥਿਆਰਬੰਦ ਨੌਜਵਾਨਾਂ ਨੇ ਸ਼ਹਿਰ ’ਚ ਧੱਕੇਸ਼ਾਹੀ ਕੀਤੀ ਸੀ ਪਰ ਅਜੇ ਤੱਕ ਪੁਲੀਸ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ।