ਗੁਰਜੀਤ ਭੁੱਲਰ
ਰਾਮਪੁਰਾ ਫੂਲ, 11 ਨਵੰਬਰ
ਝੋਨੇ ਦੀ ਪਰਾਲੀ ਨੂੰ ਜਿੱਥੇ ਅੱਗ ਲਗਾਈ ਜਾ ਰਹੀ ਹੈ ਉਥੇ ਹੀ ਬਲਾਕ ਰਾਮਪੁਰਾ ਦੇ ਕਿਸਾਨ ਜਗਰਾਜ ਸਿੰਘ ਪੀਰਕੋਟ ਅਤੇ ਪਿੰਡ ਖੋਖਰ ਦੇ ਜੋਹਰ ਸਿੰਘ ਨੰਬਰਦਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾਂ ਕਣਕ ਦੀ ਬਿਜਾਈ ਕਰ ਰਹੇ ਹਨ। ਪਿੰਡ ਖੋਖਰ ਦੇ ਨੰਬਰਦਾਰ ਜੌਹਰ ਸਿੰਘ ਨੇ ਕਿਹਾ ਕਿ ਪਹਿਲੇ ਸਾਲ ਤਾਂ ਉਨ੍ਹਾਂ ਨੇ ਝੋਨੇ ਦੀ ਪਰਾਲੀ ਜ਼ਮੀਨ ਵਿੱਚ ਵਾਹ ਦਿੱਤੀ ਸੀ ਅਤੇ ਦੂਸਰੇ ਸਾਲ ਖੇਤ ਵਿੱਚ ਪਰਾਲੀ ਨੂੰ ਚੱਕ ਦਿੱਤਾ ਅਤੇ ਇਸ ਵਾਰ ਉਨ੍ਹਾਂ ਪਰਾਲੀ ਦੀ ਗੱਠਾਂ ਬਣਵਾ ਕੇ ਕਣਕ ਬੀਜੀ ਹੈ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਛੋਟੇ ਕਿਸਾਨਾਂ ਲਈ ਖੇਤੀਬਾੜੀ ਸੁਸਾਇਟੀ ਵਿੱਚ ਘੱਟ ਖਰਚੇ ’ਤੇ ਬਿਨਾਂ ਪਰਾਲੀ ਮਚਾਏ ਕਣਕ ਬੀਜਣ ਵਾਲੇ ਸੰਦ ਮੁਹੱਈਆ ਕਰਵਾਏ ਜਾਣ। ਰਾਮਪੁਰਾ ਬਲਾਕ ਦੇ ਖੇਤੀਬਾੜੀ ਅਫਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਵਿੱਚ ਪਰਾਲੀ ਮਿਲਾਉਣ ਵਾਲੇ ਸੰਦਾਂ ’ਤੇ ਸਰਕਾਰ ਵੱਲੋਂ 50 ਫ਼ੀਸਦ ਅਤੇ 80 ਫ਼ੀਸਦ ਸਬਸਿੱਡੀ ਦਿੱਤੀ ਜਾ ਰਹੀ ਹੈ।
ਜਬਰ ਸਿੰਘ ਨੇ ਵੀ ਚਾਰ ਸਾਲਾਂ ਤੋਂ ਨਹੀਂ ਸਾੜੀ ਪਰਾਲੀ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਦਾ ਕਿਸਾਨ ਜਬਰ ਸਿੰਘ ਮਾਨ ਕਰੀਬ 4 ਸਾਲਾਂ ਤੋਂ ਪਰਾਲੀ ਦਾ ਸੁਚੱਜਾ ਨਬਿੇੜਾ ਕਰਕੇ ਹੋਰਨਾਂ ਕਿਸਾਨਾਂ ਲਈ ਉਦਾਹਰਨ ਬਣਿਆ ਹੋਇਆ ਹੈ। ਕਿਸਾਨ ਜਬਰ ਸਿੰਘ ਮਾਨ ਨੇ ਦੱਸਿਆ ਕਿ ਉਹ 12 ਏਕੜ ਰਕਬੇ ਵਿੱਚ ਫਸਲ ਦੀ ਬਿਜਾਈ ਕਰਦਾ ਹੈ। ਉਨ੍ਹਾਂ ਨੇ ਪਿਛਲੀਆਂ ਸੱਤ ਫਸਲਾਂ ਦੌਰਾਨ ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ। ਇਸ ਮੌਕੇ ਜਬਰ ਸਿੰਘ ਦੇ ਪੁੱਤਰ ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਉਹ ਅਤੇ ਉਨ੍ਹਾਂ ਦੇ ਭਰਾ ਬਲਜਿੰਦਰ ਸਿੰਘ ਸਿਹਤ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਹ ਇਸ ਬਦੌਲਤ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹਨ ਕਿ ਅਜਿਹਾ ਕੋਈ ਕਦਮ ਨਾ ਉਠਾਇਆ ਜਾਵੇ, ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਵੇ ਜਾਂ ਹੋਰ ਲੋਕਾਂ ਦਾ ਨੁਕਸਾਨ ਹੋਵੇ। ਇਸ ਮੌਕੇ ਕਿਸਾਨ ਜੁਗਰਾਜ ਸਿੰਘ ਅਤੇ ਲਾਲਾ ਸਿੰਘ ਨੇ ਵੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਹੈ।