ਪ੍ਰਸ਼ੋਤਮ ਬੱਲੀ
ਬਰਨਾਲਾ, 22 ਅਗਸਤ
ਮੀਂਹ ਦੇ ਬਾਵਜੂਦ ਖੇਤੀ ਕਾਨੂੰਨਾਂ ਖਿਲਾਫ਼ ਰੇਲਵੇ ਸਟੇਸ਼ਨ ਸਾਂਝਾ ਕਿਸਾਨੀ ਧਰਨਾ 326 ਵੇਂ ਦਿਨ ਵੀ ਜਾਰੀ ਰਿਹਾ ਅਤੇ ਅੱਜ ਧਰਨੇ ਵਿੱਚ ਰੱਖੜੀ ਦਾ ਤਿਉਹਾਰ ਨਿਵੇਕਲੇ ਅੰਦਾਜ਼ ਵਿੱਚ ਮਨਾਇਆ ਗਿਆ। ਕਿਸਾਨ ਭੈਣਾਂ ਨੇ ਕਿਸਾਨ ਨੇਤਾਵਾਂ ਤੇ ਸੰਚਾਲਨ ਕਮੇਟੀ ਮੈਂਬਰਾਂ ਦੇ ਰੱਖੜੀਆਂ ਬੰਨੀਆਂ ਅਤੇ ਦੋਵਾਂ ਨੇ ਕਿਸਾਨ ਅੰਦੋਲਨ ਦੀ ਜਿੱਤ ਤੱਕ ਇੱਕ ਦੂਜੇ ਦਾ ਸਾਥ ਦੇਣ ਦਾ ਅਹਿਦ ਲਿਆ। ‘ਖੇਤੀ ਕਾਨੂੰਨ ਰੱਦ ਕਰੋ ਦੇ ਨਾਆਰੇ ਪਹਿਲਾਂ ਵਾਂਗ ਹੀ ਗੂੰਜਦੇ ਰਹੇ।
ਅੱਜ ਧਰਨੇ ਮੌਕੇ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਨੇਕਦਰਸ਼ਨ ਸਿੰਘ ਤੇ ਪ੍ਰੇਮਪਾਲ ਕੌਰ ਆਦਿ ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵ ਬਹੁਤ ਤੇਜ਼ੀ ਨਾਲ ਉਜਾਗਰ ਹੋ ਰਹੇ ਹਨ ਅਤੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਹੀ ਪੈਣਗੇ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਲਗਤਾਰ ਯੋਗਦਾਨ ਪਾ ਰਹੇ ਯੋਧਿਆਂ ਦਾ ਇਕਾਈ ਸੇਖਾ ਕੈਂਚੀਆਂ ਵੱਲੋਂ ਇਕੱਠ ਕਰਕੇ ਪ੍ਰਧਾਨ ਇੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਨਰਾਇਣ ਦੱਤ, ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਜ਼ਮੀਨਾਂ ਦੀ ਰਾਖੀ ਲਈ ਚੱਲ ਰਹੇ ਕਿਸਾਨ ਘੋਲ ਵਿੱਚ ਜ਼ਮੀਨਾਂ ਵਾਲਿਆਂ ਨਾਲੋਂ ਜਾਗਦੀਆਂ ਜ਼ਮੀਰਾਂ ਵਾਲੇ ਵਧੇਰੇ ਯੋਗਦਾਨ ਪਾ ਰਹੇ ਹਨ।
ਮਹਿਲ ਕਲਾਂ (ਨਵਕਿਰਨ ਸਿੰਘ): ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਟੋਲ ਪਲਾਜ਼ਾ ਮਹਿਲ ਕਲਾਂ ਅੱਗੇ ਪੱਕਾ ਕਿਸਾਨ ਧਰਨਾ ਜਾਰੀ ਹੈ। ਇਸ ਮੌਕੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਸ਼ਮਸ਼ੇਰ ਸਿੰਘ ਆਦਿ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਬੁਲਾਰਿਆਂ ਨੇ ਗੰਨਾ ਕਾਸ਼ਤਕਾਰ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵੀ ਕੀਤੀ।
ਬੀਕੇਯੂ ਏਕਤਾ ਡਕੌਂਦਾ ਵੱਲੋਂ ਟਰੈਕਟਰ ਮਾਰਚ
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਫੂੁਲ ਦੇ ਲੋਕਾਂ ਨੂੰ ਪਰਿਵਾਰਾਂ ਸਮੇਤ ਦਿੱਲੀ ਪੁੱਜਣ ਦਾ ਸੱਦਾ ਦਿੰਦਿਆਂ ਬਲਾਕ ਦੇ ਪਿੰਡਾਂ ਭਾਈਰੂਪਾ, ਬੁਰਜ ਗਿੱਲ, ਸੇਲਬਰਾਹ, ਕਾਲੌਕੇ, ਹਰਨਾਮ ਸਿੰਘ ਵਾਲਾ, ਢਿਪਾਲੀ, ਫੂੁਲੇਵਾਲਾ, ਘੰਡਾਬੰਨਾ, ਜੰਗੀਆਣਾ, ਸਲਾਬਤਪੁਰਾ, ਕਾਂਗੜ, ਗੌਂਸਪੁਰਾ, ਦਿਆਲਪੁਰਾ ਭਾਈਕਾ ਆਦਿ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਜਥੇਬੰਦੀ ਦੇ ਜਨਰਲ ਸਕੱਤਰ ਹਰਮੇਲ ਸਿੰਘ ਜੱਗੂ ਨੇ ਦੱਸਿਆ ਕਿ ਬਲਾਕ ਫੂੁਲ ਦੇ ਲੱਗ ਭੱਗ ਗਿਆਰਾਂ ਪਿੰਡਾਂ ਦੇ ਨੌਜਵਾਨਾਂ ਵੱਲੋਂ ਤਕਰੀਬਨ ਸਵਾ ਸੌ ਦੇ ਕਰੀਬ ਟਰੈਕਟਰਾਂ ਦਾ ਕਾਫਲਾ ਬਣਾਕੇ ਇਹ ਟਰੈਕਟਰ ਮਾਰਚ ਕੀਤਾ ਗਿਆ ਜਿਸ ਦੀ ਸ਼ੁਰੂਆਤ ਭਾਈਰੂਪਾ ਦੀ ਅਨਾਜ ਮੰਡੀ ਵਿੱਚੋਂ ਕੀਤੀ ਗਈ ਸੀ।
ਬੈਸਟ ਪ੍ਰਾਈਸ ਮਾਲ ਅੱਗੇ ਮੋਰਚੇ ਵਾਲੀ ਥਾਂ ’ਤੇ ਮੀਂਹ ਦਾ ਪਾਣੀ ਭਰਿਆ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਲੈਣ ਲਈ ਬੈਸਟ ਪ੍ਰਾਈਸ ਮਾਲ ਅੱਗੇ ਲਗਾਤਾਰ ਚੱਲ ਰਿਹਾ ਮੋਰਚਾ ਜਾਰੀ ਹੈ, ਪਰ ਅੱਜ ਭਾਰੀ ਮੀਂਹ ਪੈਣ ਕਾਰਨ ਮੋਰਚੇ ਦੀ ਸਟੇਜ ਨਹੀਂ ਚੱਲ ਸਕੀ। ਕੌਮੀ ਮਾਰਗ ਦੀ ਸਰਵਿਸ ਰੋਡ ’ਤੇ ਚੱਲ ਰਹੇ ਇਸ ਮੋਰਚੇ ਵਾਲੀ ਥਾਂ ’ਤੇ ਭਾਰੀ ਮਾਤਰਾ ਵਿੱਚ ਪਾਣੀ ਭਰ ਗਿਆ। ਕਿਸਾਨ ਲੰਗਰ ਵਿੱਚ ਸਾਮਾਨ ਨੂੰ ਭਿੱਜਣ ਤੋਂ ਬਚਾਉਣ ਦੇ ਯਤਨਾਂ ਵਿੱਚ ਸਨ।
ਭੈਣਾਂ ਨੇ ਕਿਸਾਨ ਭਰਾਵਾਂ ਤੋਂ ਜ਼ਮੀਨਾਂ ਦੀ ਰਾਖੀ ਦੀ ਵਚਨ ਮੰਗਿਆ
ਮਾਨਸਾ (ਜੋਗਿੰਦਰ ਸਿੰਘ ਮਾਨ): ਅੱਜ ਦੇ ਰੱਖੜੀ ਦੇ ਤਿਉਹਾਰ ਮੌਕੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਕੇ ਭੈਣਾਂ ਨੇ ਵੀਰਾਂ ਤੋਂ ਜ਼ਮੀਨਾਂ ਦੀ ਰਾਖੀ ਕਰਨ ਦਾ ਵਚਨ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੇ ਰੱਖੜੀ ਬੰਨਣ ਪਹੁੰਚੀਆਂ ਪਿੰਡ ਦੀਆਂ ਕੁੜੀਆਂ ਵੱਲੋਂ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਹਿੱਸਾ ਪਾਉਣ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਇਹ ਪਹਿਲੀ ਵਾਰ ਹੈ, ਜਦੋਂ ਭੈਣਾਂ ਨੇ ਭਰਾਵਾਂ ਕੋਲੋਂ ਜ਼ਮੀਨਾਂ ਦੀ ਰਾਖੀ ਲਈ ਜ਼ੋਰਦਾਰ ਆਵਾਜ਼ ਉਠਾਈ ਹੈ।