ਪਰਸ਼ੋਤਮ ਬੱਲੀ
ਬਰਨਾਲਾ, 22 ਅਕਤੂਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 387ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਗੁਰੂ ਰਾਮਦਾਸ ਜੀ ਦੇ 487ਵੇਂ ਪ੍ਰਕਾਸ਼ ਪੁਰਬ ਮੌਕੇ ਬੁਲਾਰਿਆਂ ਨੇ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਅਰਜ਼ ਕੀਤੀ।
ਬੁਲਾਰਿਆਂ ਪੰਜਾਬ ਦੀਆਂ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੀ ਵਿਥਿਆ ਸੁਣਾਈ। ਆਗੂਆਂ ਨੇ ਕਿਹਾ ਕਿ ਮੌਸਮ ਬਦਲ ਜਾਣ ਕਾਰਨ ਤਾਪਮਾਨ ਬਹੁਤ ਘਟ ਗਿਆ ਹੈ ਜਿਸ ਕਾਰਨ ਨਮੀ ਦੀ 17 ਪ੍ਰਤੀਸ਼ਤ ਤੈਅ-ਸ਼ੁਦਾ ਮਾਤਰਾ ਹਾਸਲ ਕਰਨੀ ਮੁਸ਼ਕਿਲ ਹੈ। ਵਧ ਨਮੀ ਕਾਰਨ ਕਿਸਾਨਾਂ ਨੂੰ ਕਈ ਦਿਨਾਂ ਤੱਕ ਮੰਡੀਆਂ ਵਿੱਚ ਰੁਲਣਾ ਪੈਂਦਾ ਹੈ। ਖ਼ਰੀਦ ਹੋਣ ਤੋਂ ਬਾਅਦ ਵੀ ਕਈ ਦਿਨ ਤੱਕ ਚੁਕਾਈ ਨਹੀਂ ਹੁੰਦੀ। 48 ਘੰਟਿਆਂ ’ਚ ਭੁਗਤਾਨ ਹੋਣ ਵਾਲੇ ਸਰਕਾਰੀ ਦਾਅਵੇ ਦੀ ਵੀ ਫੂਕ ਨਿਕਲ ਗਈ ਹੈ। ਕਿਸਾਨਾਂ ਨੂੰ ਬੈਂਕਾਂ ਦੇ ਕਈ ਗੇੜੇ ਮਾਰਨੇ ਪੈਂਦੇ ਹਨ ਪਰ ਖਾਤਿਆਂ ਵਿੱਚ ਰਕਮ ਨਹੀਂ ਪਹੁੰਚਦੀ।
ਬੁਲਾਰਿਆਂ ਨੇ ਮੰਗ ਕੀਤੀ ਕਿ ਝੋਨੇ ’ਚ ਨਮੀ ਦੀ ਮਾਤਰਾ 17 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕੀਤੀ ਜਾਵੇ ਅਤੇ ਮੰਡੀਆਂ ਦੀਆਂ ਬਾਕੀ ਸਭ ਬਦ-ਇੰਤਜ਼ਾਮੀਆਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ।
ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਕੁਲਵਿੰਦਰ ਕੌਰ ਖੁੱਡੀ, ਨਛੱਤਰ ਸਿੰਘ ਸਹੌਰ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ, ਬੂਟਾ ਸਿੰਘ ਫਰਵਾਹੀ, ਗੁਰਦੇਵ ਸਿੰਘ ਮਾਂਗੇਵਾਲ, ਮੇਲਾ ਸਿੰਘ ਕੱਟੂ, ਗੁਰਦੇਵ ਕੌਰ ਖੁੱਡੀ, ਜਸਪਾਲ ਸਿੰਘ ਚੀਮਾ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ, ਅਮਰਜੀਤ ਕੌਰ, ਗੋਰਾ ਸਿੰਘ ਢਿੱਲਵਾਂ, ਚਰਨਜੀਤ ਕੌਰ, ਸੁਖਜੰਟ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ 15 ਅਕਤੂਬਰ ਨੂੰ ਸਿੰਘੂ ਬਾਰਡਰ ’ਤੇ ਹੋਈ ਮੰਦਭਾਗੀ ਘਟਨਾ ਨੂੰ ਸਹੀ ਸੰਦਰਭ ਵਿੱਚ ਸਮਝਣ ਦੀ ਜ਼ਰੂਰਤ ਹੈ। ਇਹ ਕੋਈ ਸਾਧਾਰਨ ਘਟਨਾ ਨਹੀਂ ਹੈ ਸਗੋਂ ਸਰਕਾਰ ਦੀਆਂ ਖ਼ੁਫੀਆ ਏਜੰਸੀਆਂ ਦੁਆਰਾ ਲਿਖੀ ਹੋਈ ਸਕਰਿਪਟ ਦੀ ਇੱਕ ਅਗਲੀ ਕੜੀ ਹੈ। 26 ਜਨਵਰੀ ਦੀ ਲਾਲ ਕਿਲ੍ਹੇ ਵਾਲੀ ਸਾਜਿਸ਼ੀ ਘਟਨਾ ਵੀ ਇਸੇ ਸਕਰਿਪਟ ਦਾ ਹਿੱਸਾ ਸੀ। ਸਰਕਾਰੀ ਏਜੰਸੀਆਂ ਕੁੱਝ ਕਿਸਾਨ ਦੋਖੀਆਂ ਸਹਾਰੇ ਅੰਦੋਲਨ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਰਕਾਰੀ ਖ਼ੁਫੀਆ ਏਜੰਸੀਆਂ ਨੇ 26 ਜਨਵਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਅਤੇ ਅੰਦੋਲਨ ਨੂੰ ਬਦਨਾਮ ਕਰਨ ਲਈ ਇਨ੍ਹਾਂ ਹੀ ਅਨਸਰਾਂ ਨੂੰ ਵਰਤਿਆ ਸੀ। 15 ਅਕਤੂਬਰ ਵਾਲੀ ਕਾਲੀ ਕਰਤੂਤ ਦੇ ਪਿਛੋਕੜ ਵਿੱਚ ਉਹੀ ਸਰਕਾਰੀ ਏਜੰਸੀਆਂ ਅਤੇ 26 ਜਨਵਰੀ ਵਾਲੇ ਧਰਮ ਦੇ ਉਹੀ ਕਥਿਤ ਅਲੰਬਰਦਾਰ ਸ਼ਾਮਲ ਸਨ। ਏਜੰਸੀਆਂ ਤੇ ਇਨ੍ਹਾਂ ਲੋਕ ਦੋਖੀ ਅਨਸਰਾਂ ਨੇ ਕਿਸਾਨ ਅੰਦੋਲਨ ਨੂੰ ਇੱਕੋ ਧਰਮ ਦਾ ਅੰਦੋਲਨ ਸਿੱਧ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਅੰਦੋਲਨ ਸਮੁੱਚੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਦਾ ਅੰਦੋਲਨ ਹੈ, ਕਿਸੇ ਇੱਕ ਧਰਮ ਦਾ ਨਹੀਂ। ਸਾਨੂੰ ਇਨ੍ਹਾਂ ਸਾਜਿਸ਼ਾਂ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਅੱਜ ਸਰਦਾਰ ਸਿੰਘ ਮੌੜ, ਤੇਜਾ ਸਿੰਘ ਠੀਕਰੀਵਾਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।
ਬਰਨਾਲਾ ਰੇਲਵੇ ਸਟੇਸ਼ਨ ’ਤੇ ਨਾਅਰੇਬਾਜ਼ੀ ਕਰਦੀਆਂ ਬੀਬੀਆਂ।-ਫੋਟੋ:ਬੱਲੀ