ਜੋਗਿੰਦਰ ਸਿੰਘ ਮਾਨ
ਮਾਨਸਾ, 25 ਜਨਵਰੀ
ਦਿੱਲੀ ਵਿੱਚ ਚੱਲ ਰਹੇ ਇਤਿਹਾਸਕ ਕਿਸਾਨ ਸੰਘਰਸ਼ ਪ੍ਰਤੀ ਚੇਤਨਾ ਪੈਦਾ ਕਰਨ ਲਈ ਅਤੇ ਉਸ ਨਾਲ ਆਪਣੀ ਸਾਂਝ ਤੇ ਸਮਰਥਨ ਦਾ ਪ੍ਰਗਟਾਵਾ ਕਰਨ ਵਾਸਤੇ ਅੱਜ ਡਿਪਟੀ ਕਮਿਸ਼ਨਰ ਦੇ ਘਰ ਸਾਹਮਣੇ ਤੋਂ ਤਿੰਨਕੋਨੀ ਚੌਕ ਤੋਂ ਲੈ ਕੇ ਗੁਰਦੁਆਰਾ ਚੌਕ ਤੱਕ ਮਾਨਸਾ ਦੀਆਂ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ, ਕਿੱਤਾਮੁਖੀ ਸੰਸਥਾਵਾਂ, ਅਧਿਆਪਕ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਸਮਾਜ ਭਲਾਈ ਕਲੱਬਾਂ, ਮੁਲਾਜ਼ਮ ਜਥੇਬੰਦੀਆਂ, ਸਾਹਿਤਕ ਸੰਸਥਾਵਾਂ, ਖੇਡ ਸੰਸਥਾਵਾਂ, ਕਿਸਾਨਾਂ-ਮਜ਼ਦੂਰਾਂ, ਵਪਾਰੀਆਂ ਵੱਲੋਂ ਕਿਸਾਨ ਸੰਘਰਸ਼ ਚੇਤਨਾ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਇਲਾਕੇ ਦੇ ਬੁੱਧੀਜੀਵੀਆਂ ਨੇ ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨਾਂ ਸਬੰਧੀ ਹਿੰਡ ਛੱਢਣ ਦੀ ਅਪੀਲ ਕੀਤੀ।
ਇਸ ਚੇਤਨਾ ਮਾਰਚ ਨੂੰ ਸੰਬੋਧਨ ਕਰਦਿਆਂ ਡਾ. ਕੁਲਦੀਪ ਦੀਪ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਜਾਨਹੂਲਵੇਂ ਸੰਘਰਸ਼ ਵਿੱਚ ਡਟੇ ਹੋਏ ਮੁਲਕ ਭਰ ਦੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੀਤੀ ਜਾ ਰਹੀ ਕਿਸਾਨ ਗਣਤੰਤਰ ਪਰੇਡ ਦੇ ਹੱਕ ਵਿੱਚ ਇਹ ਮਾਰਚ ਸਾਂਝੇ ਤੌਰ ’ਤੇ ਕੱਢਿਆ ਗਿਆ ਹੈ। ਇਸ ਦਾ ਮਕਸਦ ਦੇਸ਼ ਦੇ ਹਾਕਮਾਂ ਨੂੰ ਦੱਸਣਾ ਹੈ ਕਿ ਇਹ ਲੜਾਈ ਇਕੱਲੇ ਕਿਸਾਨਾਂ-ਮਜ਼ਦੂਰਾਂ ਦੀ ਨਹੀਂ, ਸਗੋਂ ਪੂਰਾ ਮੁਲਕ ਅੰਨਦਾਤਾ ਦੇ ਹੱਕ ਵਿੱਚ ਡਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਜਿਹੜੇ ਦੇਸ਼ ਦੇ ਕਿਸਾਨ-ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਆਮ ਲੋਕ ਦੀ ਹਾਲਤ ਮਾੜੀ ਹੈ, ਉਹ ਦੇਸ਼ ਕਦੇ ਵੀ ਦੂਜਿਆਂ ਦੇ ਹਾਣ ਦਾ ਨਹੀਂ ਹੋ ਸਕਦਾ ਹੈ। ਇਸ ਮੌਕੇ ਦਰਸ਼ਨ ਸਿੰਘ ਢਿੱਲੋਂ, ਹਰਦੀਪ ਸਿੰਘ ਸਿੱਧੂ, ਪ੍ਰੋ. ਸੁਪਨਦੀਪ ਕੌਰ, ਮਨਜੀਤ ਸਿੰਘ ਚਾਹਲ, ਹਰਿੰਦਰ ਸਿੰਘ ਮਾਨਸ਼ਾਹੀਆਂ, ਬਲਰਾਜ ਨੰਗਲ, ਜਗਦੀਸ਼ ਡੀ.ਟੀ.ਐੱਫ, ਕਰਮਜੀਤ ਤਾਮਕੋਟ, ਦਰਸ਼ਨ ਜੋਗਾ, ਕ੍ਰਿਸ਼ਨ ਚੌਹਾਨ, ਜਸਵੀਰ ਢੰਡ, ਕੁਲਵੰਤ ਮਠਿਆਈਸਰ, ਕੁਲਦੀਪ ਸਿੰਘ, ਪ੍ਰੋ. ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ।