ਗੁਰਪ੍ਰੀਤ ਦੌਧਰ
ਅਜੀਤਵਾਲ, 30 ਅਕਤੂਬਰ
ਪਿੰਡ ਕੋਕਰੀ ਕਲਾਂ ਵਿਖੇ ਕਿਸਾਨ ਭਗਵਾਨ ਸਿੰਘ ਅਤੇ ਗੁਰਦੇਵ ਸਿੰਘ ਦਾ ਮਕਾਨ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਖਾਲੀ ਕਰਵਾਉਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਆਗੂ ਨਛੱਤਰ ਸਿੰਘ ਹੇਅਰ ਦੀ ਅਗਵਾਈ ਹੇਠ ਬਲਾਕ ਪੱਧਰੀ ਇਕੱਠ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਧਰਨਾ 55ਵੇਂ ਦਿਨ ਵੀ ਜਾਰੀ ਰਿਹਾ ਅਤੇ ਜਿੰਨਾ ਚਿਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਟਵਾਂ ਵਿਰੋਧ ਜਾਰੀ ਰਹੇਗਾ। ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਪਾਕਿਸਤਾਨ ਤੋਂ ਉੱਜੜ ਕੇ ਆਏ ਇਸ ਪਰਿਵਾਰ ਨੂੰ ਦੁਬਾਰਾ ਨਹੀਂ ਉੱਜੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵਾਨ ਸਿੰਘ ਅਤੇ ਗੁਰਦੇਵ ਸਿੰਘ ਜਿਸ ਮਕਾਨ ਵਿਚ ਰਹਿ ਰਹੇ ਹਨ ਇਹ ਮਕਾਨ ਉਨ੍ਹਾਂ ਨੂੰ 1955 ਵਿੱਚ ਬਕਾਇਦਾ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਸੀ ਅਤੇ 1968 ਤੋਂ ਮੀਟਰ ਵੀ ਪਰਿਵਾਰ ਦੇ ਨਾਮ ’ਤੇ ਹੀ ਲੱਗਾ ਹੋਇਆ ਹੈ। ਪੁਖਤਾ ਸਬੂਤ ਹੋਣ ਦੇ ਬਾਵਜੂਦ ਵੀ ਪਿੰਡ ਦੇ ਇਕ ਵਿਅਕਤੀ ਵੱਲੋਂ ਕਾਗਜ਼ਾਂ ਵਿਚ ਹੇਰ ਫੇਰ ਕਰਕੇ ਪਲਾਟ ਆਪਣੇ ਨਾਮ ਕਰਵਾ ਲਿਆ ਅਤੇ ਪ੍ਰਸ਼ਾਸਨ ਵੀ ਉਸ ਦੀ ਹਮਾਇਤ ਕਰਦਾ ਆ ਰਿਹਾ ਹੈ ਪਰ ਜਥੇਬੰਦੀ ਪਰਿਵਾਰ ਨਾਲ ਡਟ ਕੇ ਖੜ੍ਹੀ ਰਹੇਗੀ।