ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 14 ਸਤੰਬਰ
ਖੇਤੀ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਦਸ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਹੇਠ ਦਾਣਾ ਮੰਡੀ ਭਗਤਾ ਭਾਈ ਵਿੱਚ ਜ਼ਿਲ੍ਹਾ ਪੱਧਰੀ ‘ਵੰਗਾਰ ਕਬੂਲ ਕਿਸਾਨ ਕਾਨਫ਼ਰੰਸ’ ਕੀਤੀ ਗਈ। ਚਾਰ ਘੰਟੇ ਚੱਲੀ ਇਸ ਕਾਨਫਰੰਸ ਵਿਚ ਬੁਲਾਰਿਆਂ ਨੇ ਖੇਤੀ ਆਰਡੀਨੈਂਸਾਂ ਦੇ ਲੋਕ ਵਿਰੋਧੀ ਖ਼ਾਸੇ ਬਾਰੇ ਵਿਸਥਾਰ ਨਾਲ ਖੁਲਾਸਾ ਕੀਤਾ। ਕਾਨਫਰੰਸ ਵਿੱਚ ਸ਼ਾਮਲ ਕਿਸਾਨਾਂ ਦੇ ਰੋਹ ਭਰਪੂਰ ਨਾਅਰਿਆਂ ਨਾਲ ਪੰਡਾਲ ਗੂੰਜਦਾ ਰਿਹਾ। ਕਾਨਫਰੰਸ ਵਿੱਚ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਬਿਲਕੁਲ ਨਾਕਾਮ ਹੋ ਚੁੱਕੀ ਹੈ ਅਤੇ ਅੱਜ ਜੇ ਦੇਸ਼ ਵਿੱਚ ਵਿਰੋਧੀ ਧਿਰ ਦਾ ਰੋਲ ਕਿਸਾਨਾਂ ਦਾ ਮੁਲਕ ਪੱਧਰੀ ਸੰਘਰਸ਼ ਹੀ ਕਰ ਰਿਹਾ ਹੈ। ਇਹ ਸੰਘਰਸ਼ ਹੀ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਹਰ ਹਾਲ ਵਾਪਸ ਕਰਵਾ ਕੇ ਰਹੇਗਾ। ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਟੀਐਸਯੂ ਦੇ ਸਰਕਲ ਸਕੱਤਰ ਨਛੱਤਰ ਸਿੰਘ ਅਤੇ ਮਜ਼ਦੂਰ ਆਗੂ ਕੁਲਵੰਤ ਸੇਲਬਰਹਾ ਨੇ ਕਿਹਾ ਕਿ ਜੇਕਰ ਬਿਜਲੀ ਐਕਟ ਸੋਧ ਬਿੱਲ ਲਾਗੂ ਹੋ ਜਾਂਦਾ ਹੈ ਤਾਂ ਬਿਜਲੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਿੱਲ ਕਾਰਨ ਬਿਜਲੀ ਉਤਪਾਦਨ ਅਤੇ ਵੰਡ ’ਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਦਾ ਏਕਾਧਿਕਾਰ ਕਾਇਮ ਹੋ ਜਾਵੇਗਾ ਤੇ ਬਿਜਲੀ ਮੁਲਾਜ਼ਮਾਂ ਸਮੇਤ ਸਮੁੱਚੇ ਖਪਤਕਾਰ ਇਸ ਦਾ ਖਮਿਆਜ਼ਾ ਭੁਗਤਣਗੇ। ਇਸ ਕਾਨਫਰੰਸ ਨੂੰ ਗੁਰਮੇਲ ਸਿੰਘ ਜੰਡਾਂਵਾਲਾ, ਸੁਰਮੁੱਖ ਸਿੰਘ ਅਜਿੱਤ ਗਿੱਲ, ਜਰਨੈਲ ਸਿੰਘ ਧਿੰਗੜ, ਗੁਰਪ੍ਰੀਤ ਭਗਤਾ, ਤੀਰਥ ਰਾਮ ਸੇਲਬਰਾ, ਲੋਕ ਰਾਜ ਮਹਿਰਾਜ, ਮੁਲਾਜ਼ਮ ਆਗੂ ਨਰਿੰਦਰਪਾਲ ਸਿੰਘ ਅਤੇ ਹਰਜੀਤ ਸਿੰਘ ਨੇ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਨੇ ਪਹੁੰਚੇ ਕਿਸਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਰਣਜੀਤ ਸਿੰਘ ਮੰਡੀ ਕਲਾਂ ਨੇ ਨਿਭਾਈ।
ਅੰਮ੍ਰਿਤਸਰ ਰੋਡ ਅੱਜ ਕੀਤਾ ਜਾਵੇਗਾ ਜਾਮ
ਬਠਿੰਡਾ (ਸ਼ਗਨ ਕਟਾਰੀਆ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਨਾਲ ਸਬੰਧਿਤ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਐਕਟ-2020 ਦੇ ਵਿਰੋਧ ’ਚ 15 ਸਤੰਬਰ ਨੂੰ ਹੋਣ ਵਾਲੇ ਪ੍ਰਦਰਸ਼ਨ ਵਜੋਂ ਬਠਿੰਡਾ ਜ਼ਿਲ੍ਹੇ ’ਚ ਨੈਸ਼ਨਲ ਹਾਈਵੇਅ-54 ’ਤੇ ਦੋ ਥਾਈਂ 12 ਤੋਂ 2 ਵਜੇ ਤੱਕ ਧਰਨਿਆਂ ਦਾ ਪ੍ਰੋਗਰਾਮ ਹੈ। ਇਹ ਧਰਨੇ ਪਿੰਡ ਜੀਦਾ ਨੇੜਲੇ ਟੋਲ ਪਲਾਜ਼ਾ ਅਤੇ ਬਠਿੰਡਾ ਸ਼ਹਿਰ ’ਚ ਝੀਲਾਂ ਨੇੜੇ ਭਾਈ ਘਨੱਈਆ ਚੌਕ ਵਿੱਚ ਲੱਗਣਗੇ। ਟਰੈਫ਼ਿਕ ਪੁਲੀਸ ਵੱਲੋਂ ਸੰਭਾਵਿਤ ਸਥਿਤੀ ਨੂੰ ਵਾਚਦਿਆਂ ਆਵਾਜਾਈ ਨੂੰ ਬਦਲਵੇਂ ਰਸਤਿਆਂ ਤੋਂ ਚਲਾਇਆ ਜਾਵੇਗਾ।
ਕਿਸਾਨਾਂ ਦੇ ਹੱਕ ’ਚ ਨਿੱਤਰੇ ਰਾਮੂਵਾਲੀਆ
ਮਾਨਸਾ (ਜੋਗਿੰਦਰ ਸਿੰਘ ਮਾਨ): ਐੱਮਐੱਲਸੀ ਉੱਤਰ ਪ੍ਰਦੇਸ਼ ਅਤੇ ਲੋਕ ਭਲਾਈ ਮਿਸ਼ਨ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਇਹ ਤਿੰਨ ਖੇਤੀ ਆਰਡੀਨੈਂਸ ਕਿਸਾਨੀ ਦੀ ਪੁਸ਼ਤਾ ਤੋਂ ਪੱਕੀ ਮਾਲਕੀ ਖੋਹ ਕੇ ਦੇਸੀ ਸਰਮਾਏਦਾਰਾਂ ਦਾ ਖੇਤੀ ਜ਼ਮੀਨਾਂ ਉੱਤੇ ਕਾਨੂੰਨੀ ਕਬਜ਼ਾ ਕਰਵਾਉਣ ਲਈ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਨਾਲ ਤਬਾਹ ਹੋਈ ਕਿਰਸਾਨੀ ਹੱਥੋਂ ਸੰਘਰਸ਼ ਕਰਨ ਅਤੇ ਹੱਕ ਲੈਣ ਦੇ ਸਾਰੇ ਕਾਨੂੰਨੀ ਹਥਿਆਰ ਖੁੱਸ ਜਾਣਗੇ ਤੇ ਕਿਸਾਨ ਸਿਰਫ਼ ਦਿਹਾੜੀਦਾਰ ਬਣ ਕੇ ਰਹਿ ਜਾਣਗੇ। ਰਾਮੂਵਾਲੀਆ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਸਰਕਾਰੀ ਅਹੁਦਿਆਂ ਨਾਲੋਂ ਕਿਸਾਨਾਂ ਨਾਲ ਡਟ ਕੇ ਖੜ੍ਹੇ ਹੋਣ ਦੀ ਲੋੜ ਹੈ ਕਿਉਂਕਿ ਇਹ ਵੱਡੀਆਂ ਵੱਡੀਆਂ ਸਰਕਾਰੀ ਪਦਵੀਆਂ ਪੰਜਾਬ ਅਤੇ ਕਿਸਾਨਾਂ ਤੋਂ ਹੀ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਭਲਾਈ ਪਾਰਟੀ ਦੇ ਸਾਰੇ ਪੁਰਾਣੇ ਮੁੱਦੇ ਮੁੜ ਸਰਗਰਮ ਹੋਣ ਲੋਕ ਭਲਾਈ ਮਿਸ਼ਨ ਉਸੇ ਤਰ੍ਹਾਂ ਹੀ ਸਰਗਰਮ ਕਰੇਗਾ।