ਖੇਤਰੀ ਪ੍ਰਤੀਨਿਧ
ਬਰਨਾਲਾ, 12 ਜਨਵਰੀ
ਲੋਕ ਸੰਗਰਾਮ ਮੋਰਚਾ ਨੇ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਵਿਧਾਨ ਸਭਾ ਦੀਆਂ ਵੋਟਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਚਲਾਉਣ ਲਈ ਪੰਜਾਬ ਦੀਆਂ ਹਮਖਿਆਲ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਐੱਸ. ਐੱਫ. ਐੱਸ., ਡੀ. ਐੱਸ. ਓ. ਪੰਜਾਬ ਆਦਿ ਜਥੇਬੰਦੀਆਂ ਸ਼ਾਮਲ ਹੋਈਆਂ। ਮੀਟਿੰਗ ਵਿੱਚ ਵੋਟ ਬਾਈਕਾਟ ਮੁੱਦੇ ’ਤੇ ਭਰਵੀਂ ਬਹਿਸ ਹੋਈ। ਉਪਰੰਤ ਆਗੂਆਂ ਕਿਹਾ ਕਿ ਕਹਿਣ ਨੂੰ ਭਾਵੇਂ ਜਮਹੂਰੀ ਤਰੀਕੇ ਨਾਲ ਸਰਕਾਰ ਚੁਣੀ ਜਾਂਦੀ ਹੈ ਪਰ ਸਾਡੇ ਸਿਸਟਮ ਵਿਚ ਵੋਟਾਂ ਪੈਸੇ ਵੰਡਕੇ, ਨਸ਼ੇ ਵੰਡਕੇ ਅਤੇ ਬਾਹੂਬਲ ਨਾਲ ਜਿੱਤਿਆ ਜਾਂਦਾ ਹੈ। 70 ਸਾਲਾਂ ਦਾ ਤਜ਼ਰਬਾ ਇਹੀ ਦਿਖਾਉਂਦਾ ਹੈ ਕਿ ਅਜਿਹੀਆਂ ਚੋਣਾਂ ਨਾਲ ਲੋਕਾਂ ਦਾ ਕੋਈ ਭਲਾ ਨਹੀਂ ਹੋਇਆ। ਬਹਿਸ ਉਪਰੰਤ ਇਸ ਸਿੱਟੇ ’ਤੇ ਪੁੱਜਿਆ ਗਿਆ ਕਿ ਅਸਲ ਤਾਕਤ ਲੋਕਾਂ ਦੇ ਇਕੱਠ ਵਿੱਚ ਹੁੰਦੀ ਹੈ, ਇਹ ਦਿੱਲੀ ਮੋਰਚੇ ਨੇ ਸਾਬਤ ਕਰ ਦਿੱਤਾ ਹੈ। ਕਮੇਟੀ ਦੇ ਕਨਵੀਨਰ ਸੁਰਜੀਤ ਸਿੰਘ ਫੂਲ ਅਤੇ ਕੋ ਕਨਵੀਨਰ ਤਾਰਾ ਸਿੰਘ ਮੋਗਾ ਚੁਣੇ ਗਏ। ਇਸ ਮੀਟਿੰਗ ਵਿੱਚ 17 ਅਤੇ 19 ਜਨਵਰੀ ਨੂੰ ਆਗੂਆਂ ਦੀਆਂ ਕਨਵੈਨਸ਼ਨ ਮੀਟਿੰਗਾਂ ਅਤੇ 6 ਫਰਵਰੀ 2022 ਨੂੰ ਸੂਬਾ ਪੱਧਰੀ ਵੋਟ ਬਾਈਕਾਟ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ।