ਦਵਿੰਦਰ ਮੋਹਨ ਬੇਦੀ, ਜਸਵੀਰ ਸਿੰਘ ਭੁੱਲਰ
ਗਿੱਦੜਬਾਹਾ/ਦੋਦਾ 9 ਸਤੰਬਰ
ਦੋਦਾ ਬਲਾਕ ਦੇ ਪਿੰਡਾਂ ਵਿੱਚ ਦਿਨੋ ਦਿਨ ਵਧ ਰਹੀਆਂ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲੀਸ ਪ੍ਰਤੀ ਰੋਸ ਵੀ ਹੈ। ਇਸ ਤਹਿਤ ਅੱਜ ਦੋਦਾ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਥਾਣਾ ਕੋਟਭਾਈ ਦੇ ਬਾਹਰ ਧਰਨਾ ਲਗਾਇਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਨੇ ਕਿਹਾ ਕਿ 22 ਦਿਨ ਪਹਿਲਾਂ ਪਿੰਡ ਭੂੱਟੀਵਾਲਾ ਦੇ ਜਵੰਧ ਸਿੰਘ ਦੇ ਘਰੋਂ ਚੋਰਾਂ ਨੇ 15 ਤੋਲੇ ਸੋਨਾ ਅਤੇ 42000 ਰੁਪਏ ਦੀ ਨਕਦੀ ਚੋਰੀ ਕਰ ਲਈ ਪਰ ਪੁਲੀਸ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ਵਿੱਚੋਂ ਰੋਜ਼ਾਨਾ ਬਿਜਲੀ ਦੇ ਟਰਾਂਸਫਾਰਮਰ ਅਤੇ ਮੋਟਰਾਂ ਚੋਰੀ ਹੋ ਰਹੀਆਂ ਹਨ ਤੇ ਪੁਲੀਸ ਨੂੰ ਚੋਰਾਂ ਬਾਰੇ ਪਤਾ ਹੋਣ ਦੇ ਬਾਵਜੂਦ ਪੁਲੀਸ ਵਲੋਂ ਕੋਈ ਕਾਰਵਾਈ ਨਾ ਕਰਨਾ, ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਡਰ ਕਾਰਨ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ, ਕਿਉਂਕਿ ਰਾਤ ਦਾ ਕਰਫਿਊ ਹੋਣ ਕਾਰਨ ਘਰੋਂ ਬਾਹਰ ਨਿਕਲਣ ’ਤੇ ਪੁਲੀਸ ਪ੍ਰੇਸ਼ਾਨ ਕਰਦੀ ਹੈ, ਜਦਕਿ ਚੋਰ ਲੁਟੇਰੇ ਰਾਤ ਸਮੇਂ ਘੁੰਮ ਰਹੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਦੋਦਾ ਵੱਲੋਂ ਪ੍ਰਧਾਨ ਸੁਖਚੈਨ ਸਿੰਘ ਆਸਾਬੱਟਰ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ ਭੁੱਟੀਵਾਲਾ ਹਾਜ਼ਰ ਸਨ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਵਿਚ 15 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਵੱਖ ਵੱਖ ਥਾਵਾਂ ਉਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਕਿਸਾਨ ਆਗੂਆ ਨੇ ਕਿਹਾ ਕਿ ਜੇ ਪੁਲੀਸ ਨੇ ਜਲਦ ਚੋਰਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਥਾਣਾ ਕੋਟਭਾਈ ਦੇ ਬਾਹਰ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਐੱਸਐਚਓ ਕੋਟਭਾਈ ਅੰਗਰੇਜ਼ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਜਾਂਚ ਜਾਰੀ ਹੈ ਅਤੇ ਜਾਂਚ ਉਪਰੰਤ ਹੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੁਖਚੈਨ ਸਿੰਘ ਆਸਾ ਬੁੱਟਰ ਬਲਾਕ ਪ੍ਰਧਾਨ ਦੋਦਾ, ਕਰਨ ਸਿੰਘ ਭੂੱਟੀਵਾਲਾ ਜਨਰਲ ਸਕੱਤਰ ਹਾਜ਼ਰ ਸਨ।