ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 1 ਅਪਰੈਲ
ਸਿਵਲ ਹਸਪਤਾਲ ਕੋਟਕਪੂਰਾ ਦੀ ਮਹਿਲਾ ਡਾਕਟਰ ’ਤੇ ਇਕ ਮਰੀਜ਼ ਤੇ ਉਸ ਦਾ ਇਲਾਜ ਕਰਵਾਉਣ ਗਏ ਵਿਅਕਤੀ ਨਾਲ ਦੁਰਵਿਹਾਰ ਕਰਨ ਦੇ ਦੋਸ਼ ਲੱਗੇ ਹਨ।
ਹਸਪਤਾਲ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੀੜਤ ਦੀ ਸ਼ਿਕਾਇਤ ’ਤੇ ਮਹਿਲਾ ਡਾਕਟਰ ਪੁਨੀਤ ਕਾਜਲ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੀਨੀਅਰ ਮੈਡੀਕਲ ਅਫਸਰ ਡਾ. ਹਰਵਿੰਦਰ ਗਾਂਧੀ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਹਸਪਤਾਲ ਦੇ ਸੀਨੀਅਰ ਡਾਕਟਰ ਰਮੇਸ਼ ਅਤੇ ਡਾ. ਬਲਜੀਤ ਨੂੰ ਮਾਮਲੇ ਦੀ ਜਾਂਚ ਕਰਕੇ ਇਕ ਹਫ਼ਤੇ ਦੇ ਅੰਦਰ ਆਪਣੀ ਰਿਪੋਟਰ ਦਾਖਲ ਕਰਨ ਲਈ ਕਿਹਾ ਗਿਆ ਹੈ।
ਦੂਜੇ ਪਾਸੇ ਮਹਿਲਾ ਡਾਕਟਰ ਵੱਲੋਂ ਉਸ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲੀਸ ਮਹਿਲਾ ਡਾਕਟਰ ਦੀ ਸ਼ਿਕਾਇਤ ’ਤੇ ਵੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਘਟਨਾ ਲੰਘੀ 26 ਮਾਰਚ ਰਾਤ ਦੀ ਹੈ। ਉਸ ਸਮੇਂ ਰੇਨੂੰ ਬਾਲਾ ਨਾਂ ਦੀ ਮਰੀਜ਼ ਅਤੇ ਸ਼ਿਕਾਇਤਕਰਤਾ ਵਰਿੰਦਰਪਾਲ ਸਿੰਘ ਵਾਸੀ ਕੋਟਕਪੂਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਇਲਾਜ ਕਰਵਾਉਣ ਪਹੁੰਚੇ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਸ ਸਮੇਂ ਇਹ ਡਾਕਟਰ ਮੋਬਾਈਲ ਨਾਲ ਛੇੜਛਾੜ ਕਰ ਰਹੀ। ਉਨ੍ਹਾਂ ਨੇ ਵਾਰ ਵਾਰ ਇਸ ਨੂੰ ਇਲਾਜ ਕਰਨ ਲਈ ਕਿਹਾ ਤਾਂ ਇਸ ਨੇ ਦੁਰਵਿਹਾਰ ਸ਼ੁਰੂ ਕਰ ਦਿੱਤਾ। ਮਗਰੋਂ ਮਾਮਲਾ ਕਾਫੀ ਵਿਗੜ ਗਿਆ।