ਸ਼ਗਨ ਕਟਾਰੀਆ
ਬਠਿੰਡਾ, 2 ਮਈ
ਜ਼ਿਲ੍ਹੇ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਕਾਰਨ 18 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 585 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 477 ਮਰੀਜ਼ ਸਿਹਤਯਾਬ ਹੋਏ ਹਨ। ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 2,29,176 ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 21,897 ਕੇਸ ਪਾਜ਼ੇਟਿਵ ਆਏ। ਹੁਣ ਤਕ 16,283 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਜ਼ਿਲ੍ਹੇ ਵਿੱਚ ਕਰੋਨਾ ਦੀ ਭੇਟ ਚੜ੍ਹੀਆਂ 18 ਮਨੁੱਖੀ ਜਾਨਾਂ ’ਚ ਇਕ 18 ਦਿਨਾਂ ਦਾ ਬੱਚਾ ਵੀ ਸ਼ਾਮਿਲ ਹੈ। ਇਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿੱਚ ਜ਼ੇਰੇ ਇਲਾਜ ਸੀ। ਹਾਲ ਦੀ ਘੜੀ ਜ਼ਿਲ੍ਹੇ ’ਚ ਕੁੱਲ 5228 ਕੇਸ ਐਕਟਿਵ ਹਨ। ਹੁਣ ਤਕ ਕਰੋਨਾ ਕਾਰਨ ਜ਼ਿਲ੍ਹੇ ਵਿੱਚ 386 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਮਾਨਸਾ(ਜੋਗਿੰਦਰ ਸਿੰਘ ਮਾਨ): ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਕਾਰਨ 3 ਮੌਤਾਂ ਹੋਈਆਂ ਹਨ ਤੇ 372 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 6937 ਹੈ, ਜਿਨ੍ਹਾਂ ਵਿੱਚੋਂ 4581 ਵਿਅਕਤੀ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਅੱਜ 1587 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਜਿਨ੍ਹਾਂ ਵਿਚ 372 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਵਿੱਚ 147, ਬੁਢਲਾਡਾ 66, ਖਿਆਲਾ ਕਲਾਂ 77 ਅਤੇ ਸਰਦੂਲਗੜ੍ਹ 82 ਕੇਸ ਸਾਹਮਣੇ ਆਏ ਹਨ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਇਥੇ ਬੀਤੇ 24 ਘੰਟਿਆਂ ਵਿੱਚ ਕਰੋਨਾ ਪੀੜਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 80 ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 1168 ਹੋ ਗਈ ਹੈ। ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 228 ’ਤੇ ਪਹੁੰਚ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ(ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹੇ ਵਿੱਚ ਕਰੋਨਾ ਕਾਰਨ 7 ਜਣਿਆਂ ਦੀ ਮੌਤ ਹੋਈ ਹੈ ਤੇ 247 ਨਵੇੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਮਿ੍ਤਕਾਂ ਵਿੱਚ ਪੰਜ ਮਲੋਟ ਅਤੇ ਦੋ ਜਣੇ ਬੋਦੀਵਾਲਾ ਤੇ ਭੰਗਚੜ੍ਹੀ ਦੇ ਵਸਨੀਕ ਸਨ।
ਬਰਨਾਲਾ(ਪਰਸ਼ੋਤਮ ਬੱਲੀ): ਜ਼ਿਲ੍ਹੇ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਦੇ 45 ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 3711 ਵਿਅਕਤੀ ਕਰੋਨਾ ਤੋਂ ਪੀੜਤ ਹੋ ਚੁੱਕੇ ਹਨ ਤੇ 3099 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 374 ਕੇਸ ਐਕਟਿਵ ਹਨ। ਮਰੀਜ਼ਾਂ ਦਾ ਘਰਾਂ ਵਿਚ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 525 ਦੇ ਕਰੀਬ ਕੇਸ ਐਕਟਿਵ ਹਨ।
ਬਠਿੰਡਾ: ਅਜੀਤ ਰੋਡ ਤੇ ਨਵੀਂ ਬਸਤੀ ਦੀਆਂ ਦੋ ਗਲੀਆਂ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੀਆਂ
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਸਥਾਨਕ ਸ਼ਹਿਰ ਦੀ ਅਜੀਤ ਰੋਡ ਗਲੀ ਨੰਬਰ 7 ਅਤੇ ਨਵੀਂ ਬਸਤੀ ਗਲੀ ਨੰਬਰ 3 ਨੂੰ ਮਾਈਕਰੋ ਕੰਟੇਨਮੈਂਟ ਖੇਤਰ ਘੋਸ਼ਿਤ ਕੀਤਾ ਹੈ। ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਿਹਤ ਵਿਭਾਗ ਰੋਜ਼ਾਨਾ ਘਰ-ਘਰ ਜਾ ਕੇ ਸਰਵੇਅ ਕਰਵਾਏਗਾ ਤੇ ਲੱਛਣ ਵਾਲੇ ਸ਼ੱਕੀ ਕੇਸਾਂ ਦੀ ਜਾਂਚ ਕਰੇਗਾ ਅਤੇ ਪੀੜਤਾਂ ਨੂੰ ਮੈਡੀਕਲ ਸਹੂਲਤ ਪ੍ਰਦਾਨ ਕਰੇਗਾ। ਮਾਈਕਰੋ ਕੰਟੇਨਮੈਂਟ ਦੀ ਮਿਆਦ ਘੱਟੋ-ਘੱਟ 10 ਦਿਨਾਂ ਲਈ ਹੋਵੇਗੀ। ਇਸ ਦੇ ਨਾਲ ਹੀ ਪੁਲੀਸ ਅਤੇ ਲੋਕ ਨਿਰਮਾਣ ਵਿਭਾਗ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਤਾਇਨਾਤ ਕੀਤਾ ਜਾਵੇਗਾ।
ਟੀਕਾਕਰਨ: ਬਜ਼ੁਰਗਾਂ ਲਈ ਮੁਫ਼ਤ ਟੈਕਸੀ ਸੇਵਾ ਸ਼ੁਰੂ
ਮੋਗਾ(ਨਿਜੀ ਪੱਤਰ ਪ੍ਰੇਰਕ) : ਜ਼ਿਲ੍ਹਾ ਪੁਲੀਸ ਨੇ ਬਜ਼ੁੁਰਗ ਨਾਗਰਿਕਾਂ ਲਈ ਟੀਕਾਕਰਨ ਵਿੱਚ ਸਹਿਯੋਗ ਲਈ ਮੁਫਤ ਕੈਬ ਸੇਵਾ ਦੀ ਸ਼ੁਰੂਆਤ ਕੀਤੀ ਹੈ। ਪੁਲੀਸ ਵੱਲੋਂ ਜਾਰੀ ਹੈਲਪਲਾਈਨ ਨੰਬਰ ਉੱਤੇ ਕੋਈ ਵੀ ਬਜ਼ੁਰਗ, ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾ ਲਗਵਾਉਣ ਲਈ ਸੰਪਰਕ ਕਰ ਸਕਦਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਬਜ਼ੁਰਗਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਸੇਵਾ ਸ਼ੁਰੂ ਕੀਤੀ ਹੈ। ਪੁਲੀਸ ਨੇ ਹੈਲਪਲਾਈਨ ਨੰਬਰ 9656896568 ਲਾਂਚ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਪਹਿਲ ਦੇਣ।
ਵਿਆਹ ਸਮਾਗਮ ਵਿੱਚ ਪੁਲੀਸ ਦਾ ਛਾਪਾ, ਨੌਂ ਖਿਲਾਫ਼ ਕੇਸ
ਬਰਨਾਲਾ(ਪੱਤਰ ਪ੍ਰੇਰਕ):ਸ਼ਹਿਰੀ ਪੁਲੀਸ ਦੀ ਟੀਮ ਨੇ ਧਨੌਲਾ ਰੋਡ ’ਤੇ ਬਣੇ ਰੌਇਲ ਗਰੀਨ ਰਿਜ਼ੌਰਟਜ਼ ਵਿੱਚ ਚੱਲ ਰਹੇ ਵਿਆਹ ’ਚ ਛਾਪਾ ਮਾਰਿਆ ਤੇ 9 ਵਿਅਕਤੀਆਂ ਖਿਲਾਫ਼ ਕੋਵਿਡ ਨੇਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੈਰਿਜ ਪੈਲੇਸ ਮਾਲਕ ਤੋਂ ਇਲਾਵਾ ਪੈਲੇਸ ਨੂੰ ਠੇਕੇ ’ਤੇ ਲੈਣ ਵਾਲੇ ਚਾਰ ਹਿੱਸੇਦਾਰਾਂ, ਲਾੜਾ ਅਤੇ ਲਾੜੀ ਦੇ ਪਿਤਾ, ਪੈਲੇਸ ਦੇ ਸੁਪਰਵਾਈਜ਼ਰ ਅਤੇ ਕੈਟਰਰ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਅਧਾਰ ’ਤੇ ਕੀਤੀ ਹੈ।