ਬਲਜੀਤ ਸਿੰਘ
ਸਰਦੂਲਗੜ੍ਹ, 19 ਅਗਸਤ
ਕਰੋਨਾ ਮਹਾਮਾਰੀ ਦੇ ਚੱਲਦਿਆਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਸ ਦੀ ਲਪੇਟ ਵਚ ਆ ਰਹੇ ਹਨ ਪਰ ਸਰਦੂਲਗੜ੍ਹ ਵਿੱਚ ਸਿਹਤ ਵਿਭਾਗ ਦੀ ਅਣਗਹਿਲੀ ਕਾਰਨ ਇਸ ਬਿਮਾਰੀ ਦੀ ਲਾਗ ਫੈਲਣ ਦਾ ਖਤਰਾ ਵਧ ਰਿਹਾ ਹੈ ਕਿਉਂਕਿ ਬੀਤੇ ਦਿਨ ਸਿਹਤ ਵਿਭਾਗ ਸਰਦੂਲਗੜ੍ਹ ਦੇ ਕਰੋਨਾ ਪਾਜ਼ੇਟਿਵ ਆਏ ਮੁਲਾਜ਼ਮ ਵਿਲੀਅਮ ਸਿੰਘ ਜੋ ਸਿਵਲ ਹਸਪਤਾਲ ਵਿੱਚ ਬਤੌਰ ਲੈਬਾਰਟਰੀ ਟੈਕਨੀਸ਼ੀਅਨ ਦੀ ਡਿਊਟੀ ਨਿਭਾ ਰਿਹਾ ਹੈ। ਉਹ ਸ਼ਰ੍ਹੇਆਮ ਬਾਜ਼ਾਰ ਵਿੱਚ ਆਪਣੀ ਗੱਡੀ ’ਤੇ ਘੁੰਮ ਰਿਹਾ ਸੀ। ਜਦੋਂ ਇਸ ਸਬੰਧੀ ਵਿਲੀਅਮ ਸਿੰਘ ਨੂੰ ਪੁੱਛਿਆ ਗਿਆ ਤਾਂ ਉਸ ਨੇ ਸਾਰਾ ਭਾਂਡਾ ਐੱਸਐੱਮਓ ਸਰਦੂਲਗੜ੍ਹ ’ਤੇ ਭੰਨਦਿਆਂ ਕਿਹਾ ਕਿ ਉਨ੍ਹਾਂ ਕਈ ਵਾਰ ਐੱਸਐੱਮਓ ਸਾਹਿਬ ਨੂੰ ਦੱਸਿਆ ਹੈ ਪਰ ਉਨ੍ਹਾਂ ਨੇ ਗੱਲ ਨੂੰ ਅਣਗੌਲਿਆਂ ਕਰ ਦਿੱਤਾ। ਨਾ ਤਾਂ ਇਕਾਂਤਵਾਸ ਕੀਤਾ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜਿਆ ਜਾ ਰਿਹਾ ਹੈ। ਉਹ ਸਵੇਰ ਦਾ ਬਿਨਾਂ ਰੋਟੀ ਖਾਧੇ ਹੀ ਆਪਣੀ ਗੱਡੀ ਵਿੱਚ ਘੁੰਮ ਰਿਹਾ ਹੈ। ਜਦੋਂ ਇਸ ਬਾਰੇ ਐੱਸਐੱਮਓ ਡਾ. ਸੋਹਣ ਲਾਲ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰੋਨਾ ਪੀੜਤ ਇਸ ਮੁਲਾਜ਼ਮ ਨੂੰ ਗੁਰਦਾਸਪੁਰ ਭੇਜਣ ਦੀ ਕਰਵਾਈ ਚੱਲ ਰਹੀ ਹੈ।
ਮੋਗਾ ’ਚ 69, ਬਰਨਾਲਾ ’ਚ 59, ਮਾਨਸਾ ’ਚ 25, ਸ੍ਰੀ ਮੁਕਤਸਰ ਸਾਹਿਬ ’ਚ 45 ਕਰੋਨਾ ਕੇਸ
ਮੋਗਾ: (ਨਿੱਜੀ ਪੱਤਰ ਪ੍ਰੇਰਕ) ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜ਼ਿਲ੍ਹੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜ਼ਿਲ੍ਹੇ ਵਿੱਚ 69 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। 13 ਮਰੀਜ਼ ਸਿਹਤਯਾਬ ਹੋਣ ਕਰਕੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 404 ਹੋ ਗਈ ਹੈ ਜਿਨ੍ਹਾਂ ਵਿੱਚੋਂ 304 ਨੂੰ ਆਪਣੇ ਘਰਾਂ ਵਿੱਚ, 12 ਲੈਵਲ 1 ਅਤੇ 14 ਨੂੰ ਲੈਵਲ 2 ਆਈਸੋਲੇਸ਼ਨ ਸੈਂਟਰਾਂ ਵਿੱਚ ਦਾਖਲ ਕੀਤਾ ਹੈ।
ਬਰਨਾਲਾ (ਨਿੱਜੀ ਪੱਤਰ ਪ੍ਰੇਰਕ) ਅੱਜ ਕਰੋਨਾ ਦੇ 59 ਨਵੇਂ ਮਰੀਜ਼ ਆਉਣ ਨਾਲ ਕਰੋਨਾ ਮਰੀਜ਼ਾਂ ਦਾ ਅੰਕੜਾ 478 ਤੇ ਪੁੱਜ ਗਿਆ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦੀ ਕਰੋਨਾ ਲਾਗ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਉਨ੍ਹਾਂ ਦੇ ਸੰਪਰਕ ’ਚ ਆਏ ਕਈ ਆਗੂਆਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।
ਮਾਨਸਾ (ਪੱਤਰ ਪ੍ਰੇਰਕ) ਅੱਜ ਕਰੋਨਾ ਦੇ 25 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਗਿਣਤੀ 125 ਹੋ ਗਈ, ਜਦੋਂਕਿ 6 ਨੂੰ ਛੁੱਟੀ ਦੇ ਕੇ ਘਰ ਭੇਜਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ’ਚ ਇਲਾਜ ਅਧੀਨ ਬੁਢਲਾਡਾ ਦੀ ਇੱਕ ਕਰੋਨਾ ਪੀੜਤ ਔਰਤ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਮਾਨਸਾ ਦੇ ਇੱਕ ਵਿਅਕਤੀ ਦੀ ਮੌਤ ਹੋਣ ਦੇ ਬਾਅਦ ਕਰੋਨਾ ਨਾਲ ਮਾਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ।
ਸ੍ਰੀ ਮੁਕਤਸਰ ਸਾਹਿਬ (ਨਿਜੀ ਪੱਤਰ ਪ੍ਰੇਰਕ) ਮੁਕਤਸਰ ਜ਼ਿਲ੍ਹੇ ’ਚ ਅੱਜ ਇਕੋ ਦਿਨ ਵਿੱਚ 45 ਮਰੀਜ਼ਾਂ ਦਾ ਪਤਾ ਲੱਗਿਆ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਐੱਚਐੱਨ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਮੁਕਤਸਰ ਸ਼ਹਿਰ ਵਿੱਚ 18, ਗਿੱਦੜਬਾਹਾ ਵਿੱਚ 4, ਮਲੋਟ 4, ਲੱਖੇਵਾਲੀ ਵਿੱਚ 3, ਦੋਦਾ, ਫਤੂਹੀ ਖੇੜਾ ਤੇ ਚਿੱਬੜਾਂ ਵਾਲੀ 2-2 ਤੇ ਗੋਨੇਆਣਾ, ਉਦੇਕਰਨ, ਲੁਬਾਨਿਆਂ ਵਾਲੀ, ਵਾਦੀਆਂ, ਚੱਕ ਸ਼ੇਰੇਵਾਲਾ, ਮਹਬਿੱਧਰ, ਸੁਖਨਾ ਅਬਲੂ, ਸੂਰੇਵਾਲਾ, ਭੁੱਲਰ ਤੇ ਫੁੱਲੂਖੇੜਾ ਪਿੰਡਾਂ ਵਿੱਚ 1-1 ਮਰੀਜ਼ ਦੀ ਸ਼ਨਾਖਤ ਹੋਈ ਹੈ।
ਐੱਸਐੱਸਪੀ ਸਣੇ 72 ਪੁਲੀਸ ਮੁਲਾਜ਼ਮਾਂ ਦੇ ਕਰੋਨਾ ਸੈਂਪਲ ਲਏ
ਮਾਨਸਾ (ਜੋਗਿੰਦਰ ਸਿੰਘ ਮਾਨ) ਮਿਸ਼ਨ ਫ਼ਤਿਹ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਗੁਪਤਾ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਡਾ.ਜੀ.ਬੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਜ਼ਿਲ੍ਹਾ ਸੈਂਪਲਿੰਗ ਟੀਮ ਵੱਲੋਂ ਪਿੰਡ ਕਾਹਨਗੜ੍ਹ ’ਚ ਕਰੋਨਾ ਸੈਂਪਲਿੰਗ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਵਿੱਚ 90 ਕਰੋਨਾ ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ। ਜ਼ਿਲ੍ਹਾ ਸੈਂਪਲਿੰਗ ਟੀਮ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਲੀਸ ਲਾਈਨ ਤਾਮਕੋਟ ਵਿੱਚ ਵੀ ਐੱਸਐੱਸਪੀ ਸੁਰੇਂਦਰ ਲਾਂਬਾ ਸਮੇਤ 72 ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸੈਂਪਲ ਲਏ ਗਏ। ਇਸ ਮੌਕੇ ਐੱਸਐੱਸਪੀ ਨੇ ਕਿਹਾ ਕਿ 15 ਅਗਸਤ ਵਾਲੇ ਸਮਾਗਮ ਦੌਰਾਨ ਜਿਹੜੇ ਵੀ ਮੁਲਾਜ਼ਮ ਸੰਪਰਕ ਵਿੱਚ ਆਏ ਸਨ, ਉਨ੍ਹਾਂ ਸਾਰਿਆਂ ਦਾ ਟੈਸਟ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਟੈਸਟ ਕਰਵਾਉਣ ਵਿੱਚ ਕੋਈ ਨੁਕਸਾਨ ਨਹੀਂ ਹੈਅਤੇ ਜੋ ਵੀ ਕਿਸੇ ਕਰੋਨਾ ਮਰੀਜ਼ ਦੇ ਸੰਪਰਕ ਵਿੱਚ ਆਉਂਦਾ ਹੈ, ਉਨ੍ਹਾਂ ਨੂੰ ਖੁਦ ਹੀ ਟੈਸਟ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਕਰੋਨਾ ਤੋਂ ਜਿੱਤ ਸਕੀਏ। ਜ਼ਿਲ੍ਹਾ ਸੈਂਪਲਿੰਗ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਅ ਲਈ ਸਿਹਤ ਸਾਵਧਾਨੀਆਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।