ਜੋਗਿੰਦਰ ਸਿੰਘ ਮਾਨ
ਮਾਨਸਾ, 5 ਜੂਨ
ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਵਿੱਚ ਵਿਵਾਦਤ ਜ਼ਮੀਨ ਮਾਮਲੇ ’ਚ ਕਾਸ਼ਤਕਾਰ ਕਿਸਾਨਾਂ ਉੱਤੇ ਮੁੜ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਦੋ ਕਿਸਾਨਾਂ ਜਸਪ੍ਰੀਤ ਸਿੰਘ ਅਤੇ ਜਗਦੇਵ ਸਿੰਘ ਦੇ ਜਖ਼ਮੀ ਹੋਣ ਦਾ ਪਤਾ ਲੱਗਿਆ ਹੈ। ਉਨ੍ਹਾਂ ਨੂੰ ਪਹਿਲਾਂ ਬੁੱਢਲਾਡਾ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਪਰ ਸੱਟਾਂ ਜ਼ਿਆਦਾ ਹੋਣ ਕਾਰਨ ਉੱਥੋਂ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਮਾਨਸਾ ਵਿੱਚ ਰੈਫ਼ਰ ਕੀਤਾ ਗਿਆ ਹੈ। ਜ਼ਖ਼ਮੀਆਂ ਦੇ ਸੱਟਾਂ ਮਾਰਨ ਸਬੰਧੀ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਬੀਕੇਯੂ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਵੱਲੋਂ ਅੱਜ ਇੱਥੇ ਮੀਡੀਆ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਤੇ ਮਾਨਸਾ ਪੁਲੀਸ ਦੀ ਨਾਅਹਿਲੀਅਤ ਕਾਰਨ ਕੁਲਰੀਆਂ ਪਿੰਡ ਵਿੱਚ ਕਾਸ਼ਤਕਾਰ ਕਿਸਾਨਾਂ ਦੀ ਕੁੱਟਮਾਰ ਦਾ ਮਾਮਲਾ ਦੂਜੀ ਵਾਰ ਸਾਹਮਣੇ ਆਇਆ ਹੈ।
ਸ੍ਰੀ ਅਕਲੀਆ ਨੇ ਦੱਸਿਆ ਕਿ ਹਸਪਤਾਲ ਵਿੱਚ ਜ਼ਖ਼ਮੀ ਕਿਸਾਨਾਂ ਦਾ ਪਤਾ ਲੈਣ ’ਤੇ ਪਤਾ ਲੱਗਿਆ ਦੇਰ ਸ਼ਾਮ ਕੱਲ੍ਹ ਫਿਰ ਪਿੰਡ ਕੁਲਰੀਆਂ ਦੇ ਸਰਪੰਚ ਧਿਰ ਵੱਲੋਂ ਕਿਸਾਨਾਂ ਦੇ ਘਰ ਜਾ ਕੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਤੇ ਔਰਤਾਂ ਸਣੇ ਕਈ ਕਿਸਾਨ ਜ਼ਖ਼ਮੀ ਕੀਤੇ ਗਏ। ਇਨ੍ਹਾਂ ਵਿੱਚੋਂ ਦੋ ਕਿਸਾਨ ਜਸਪ੍ਰੀਤ ਸਿੰਘ ਅਤੇ ਜਗਦੇਵ ਸਿੰਘ ਗੰਭੀਰ ਜ਼ਖ਼ਮੀ ਹੋਣ ਕਾਰਨ ਬੁਢਲਾਡਾ ਤੋਂ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀ ਕਰਨ ਦੇ ਬਾਵਜੂਦ ਵੀ ‘ਆਪ’ ਦੇ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਤੋਂ ਵਿਧਾਇਕ ਅਤੇ ਸਰਪੰਚ ਵੱਲੋਂ ਕਾਸ਼ਤਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਹਮਲਾਵਰ ਧਿਰ ਵੱਲੋਂ ਪਿੰਡ ਦੇ ਮਨਰੇਗਾ ਭਵਨ ਵਿੱਚ ਆਪਣੀ ਖੜ੍ਹੀ ਗੱਡੀ ਨੂੰ ਖ਼ੁਦ ਹੀ ਅੱਗ ਲਗਾ ਕੇ ਕਿਸਾਨਾਂ ਉੱਤੇ ਝੂਠਾ ਕੇਸ ਦਰਜ ਕਰਵਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਕੁਲਰੀਆਂ ਵਿੱਚ ਜ਼ਮੀਨ ਵਿਵਾਦ ਤੋਂ ਪੰਚਾਇਤ ਧਿਰ ਵੱਲੋਂ ਕਾਸ਼ਤਕਾਰ ਕਿਸਾਨਾਂ ਉੱਤੇ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਕਿਸਾਨ ਸੀਤਾ ਸਿੰਘ ਉੱਤੇ ਗੱਡੀ ਚੜ੍ਹਾ ਕੇ ਜ਼ਖ਼ਮੀ ਕਰਨ ਕਾਰਨ ਸਰਪੰਚ ਦੀ ਧਿਰ ਉੱਤੇ ਕੇਸ ਦਰਜ ਕੀਤਾ ਹੋਇਆ ਹੈ, ਪਰ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ’ਤੇ ਕੇਸ ਬਣਾ ਕੇ ਜਾਣ-ਬੁੱਝ ਕੇ ਜ਼ਲੀਲ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਇਸ ਦਾ ਜਨਤਕ ਪੱਧਰ ’ਤੇ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਤੁਰੰਤ ਸਖ਼ਤ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ।
ਇਸੇ ਦੌਰਾਨ ਬੁਢਲਾਡਾ ਦੇ ਡੀਐੱਸਪੀ ਮਨਜੀਤ ਸਿੰਘ ਔਲਖ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ, ਜਿਸ ਲਈ ਕਸੂਰਵਾਰਾਂ ਨੂੰ ਛੇਤੀ ਹੀ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੇ ਇੱਕ-ਦੂਜੇ ਉੱਤੇ ਹਮਲਾ ਕਰਨ ਦੇ ਦੋਸ਼ ਲਾਏ ਹਨ।