ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 22 ਅਪਰੈਲ
ਪਿਛਲੇ ਕਈ ਦਿਨਾਂ ਤੋਂ ਬਾਰਦਾਨੇ ਦੀ ਘਾਟ ਨਾਲ ਜੂਝ ਰਹੀ ਮੁਕਤਸਰ ਦੀ ਅਨਾਜ ਮੰਡੀ ਦਾ ਦੌਰਾ ਕਰਨ ਉਪਰੰਤ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਛੇ ਦਿਨ ਤੋਂ ਮੰਡੀਆਂ ’ਚ ਰੁਲ ਰਹੇ ਹਨ। ਪਹਿਲਾਂ ਤਾਂ ਕਣਕ ਖ਼ਰੀਦੀ ਨਹੀਂ ਜਾਂਦੀ, ਜੇ ਖ਼ਰੀਦੀ ਜਾਂਦੀ ਹੈ ਤਾਂ ਬੋਰੀਆਂ ’ਚ ਭਰੀ ਨਹੀਂ ਜਾਂਦੀ, ਜੇ ਭਰੀ ਜਾਂਦੀ ਹੈ ਤਾਂ ਚੁੱਕੀ ਨਹੀਂ ਜਾਂਦੀ। ਇਸਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਘਾਟ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਖ਼ਰੀਦੀ ਕਣਕ ਦੀ ਅਦਾਇਗੀ ਵੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸੱਤਾਧਾਰੀ ਲੋਕਾਂ ਨੇ ਬੋਗਸ ਨਾਵਾਂ ’ਤੇ ਕਥਿਤ ਤੌਰ ’ਤੇ ਲਿਫਟਿੰਗ ਦੇ ਠੇਕੇ ਲਏ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖ਼ਰੀਦੀ ਹੋਈ ਕਣਕ ਦੀ ਲਿਫਟਿੰਗ ਨਾ ਕਰਨ ਵਾਲੇ ਠੇਕੇਦਾਰਾਂ ਨੂੰ ਬਲੈਕ ਲਿਸਟ ਕੀਤੇ ਜਾਣ ਅਤੇ ਬਾਰਦਾਨੇ ਦੀ ਸਪਲਾਈ ਕੀਤੀ ਜਾਵੇ। ਇਸ ਦੌਰਾਨ ਕਈ ਕਿਸਾਨਾਂ ਨੇ ਦੱਸਿਆ ਕਿ ਛੇ ਦਿਨ ਤੋਂ ਕਣਕ ਨਹੀਂ ਚੁੱਕੀ। ਬਾਰਦਾਨਾ ਨਹੀਂ ਮਿਲਿਆ। ਪੱਖਾ ਲੱਗ ਗਿਆ। ਇਸ ਦੌਰਾਨ ਐੱਸਡੀਐੱਮ ਨੇ ਸਮੱਸਿਆ ਦੇ ਹੱਲ ਦੀ ਗੱਲ ਆਖੀ।
ਅਜੀਤਵਾਲ (ਗੁਰਪ੍ਰੀਤ ਦੌਧਰ): ਇਥੇ ਆਮ ਆਦਮੀ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਦੌਰਾ ਕੀਤਾ। ਇਸ ਦੌਰਾਨ ਕਸਬਾ ਅਜੀਤਵਾਲ ਅਤੇ ਢੁੱਡੀਕੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਫਸਲ ਦੀ ਚੁਕਾਈ ਕਰਵਾ ਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਵਿਹਲਾ ਕੀਤਾ ਜਾਵੇ।
ਕਣਕ ਚੋਰੀ ਹੋਣ ਦੇ ਕਈ ਮਾਮਲੇ ਸਾਹਮਣੇ ਆਏ
ਦਾਣਾ ਮੰਡੀ ਵਿੱਚੋਂ ਕਣਕ ਚੋਰੀ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਕ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਸਵੇਰੇ 3 ਤੋਂ 4 ਵਜੇ ਤੱਕ ਏਵੀ ਬਰਦਰਜ਼ ਦੀ ਫਰਮ ਤੋਂ ਇਕ ਰੇਹੜੇ ਵਾਲਾ ਕਣਕ ਚੋਰੀ ਕਰਕੇ ਲੈ ਗਿਆ। ਕਿਸਾਨਾਂ ਤੇ ਆੜ੍ਹਤੀਆਂ ਦੀ ਮੰਗ ਹੈ ਚੋਰੀ ਰੋਕਣ ਦੀ ਪੁਲੀਸ ਪਹਿਰਾ ਲਾਇਆ ਜਾਵੇ।
ਵਿਧਾਇਕਾ ਬਲਜਿੰਦਰ ਕੌਰ ਵੱਲੋਂ ਖਰੀਦ ਕੇਂਦਰਾਂ ਦੌਰਾ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਮੰਡੀਆਂ ਵਿੱਚ ਕਣਕ ਦੀ ਫਸਲ ਵੇਚਣ ਲਈ ਕਈ ਦਿਨਾਂ ਤੋਂ ਬੈਠੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਇਲਾਕੇ ਦੇ ਵੱਖ-ਵੱਖ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ। ਪ੍ਰੋਫੈਸਰ ਬਲਜਿੰਦਰ ਕੌਰ ਨੂੰ ਮੰਡੀਆਂ ਵਿੱਚ ਕਣਕ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਫਸਲ ਦੀ ਕਈ ਕਈ ਦਿਨ ਬੋਲੀ ਨਹੀਂ ਲੱਗ ਰਹੀ।ਬਾਰਦਾਨੇ ਦੀ ਵੱਡੀ ਘਾਟ ਹੈ ਅਤੇ ਲਿਫ਼ਟਿੰਗ ਵਿੱਚ ਵੀ ਸਮੱਸਿਆ ਆ ਰਹੀ ਹੈ। ਵਿਧਾਇਕਾ ਬਲਜਿੰਦਰ ਕੌਰ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਸਬੰਧਤ ਅਧਿਕਾਰੀਆਂ ਨਾਲ ਫੋਨ ’ਤੇ ਸੰਪਰਕ ਕਰਕੇ ਇੰਨ੍ਹਾਂ ਨੂੰ ਹੱਲ ਕਰਨ ਲਈ ਕਿਹਾ। ਇਸ ਮੌਕੇ ਵਿਧਾਇਕਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਜਲਦੀ ਹੱਲ ਨਾ ਕੀਤੀਆਂ ਤਾਂ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।